ਨਿਵੀਂ ਦਿੱਲੀ: ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਐਤਵਾਰ ਨੂੰ ਲਾਰਡਜ਼ ਮੈਦਾਨ ਵਿੱਚ ਖੇਡੇ ਗਏ ਅਹਿਮ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਕੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਕਰ ਦਿੱਤਾ। 171 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਨੇ ਇੱਕ ਓਵਰ ਬਾਕੀ ਰਹਿੰਦੇ ਜਿੱਤ ਦਰਜ ਕੀਤੀ।
ਪੈਰੀ ਅਤੇ ਗਾਰਡਨਰ ਨੇ ਮੈਚ ਪਲਟਿਆ
ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੇ 68 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ। ਫੋਬੀ ਲਿਚਫੀਲਡ, ਜਾਰਜੀਆ ਵੋਲ ਅਤੇ ਬੇਥ ਮੂਨੀ ਜਲਦੀ ਪੈਵਿਲੀਅਨ ਵਾਪਸ ਪਰਤ ਗਏ। ਇਸ ਤੋਂ ਬਾਅਦ ਐਲਿਸ ਪੈਰੀ ਅਤੇ ਐਸ਼ਲੇ ਗਾਰਡਨਰ ਨੇ ਪਾਰੀ ਨੂੰ ਸੰਭਾਲਿਆ।
ਦੋਵਾਂ ਨੇ ਸੰਭਲ ਕੇ ਖੇਡਦੇ ਹੋਏ ਭਾਰਤੀ ਗੇਂਦਬਾਜ਼ਾਂ ‘ਤੇ ਦਬਾਅ ਬਣਾਇਆ ਅਤੇ ਚੌਥੀ ਵਿਕਟ ਲਈ 100 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਪੈਰੀ ਨੇ 38 ਗੇਂਦਾਂ ਵਿੱਚ 56 ਦੌੜਾਂ ਬਣਾਈਆਂ, ਜਦਕਿ ਗਾਰਡਨਰ ਨੇ 29 ਗੇਂਦਾਂ ਵਿੱਚ ਨਾਬਾਦ 53 ਦੌੜਾਂ ਦੀ ਪਾਰੀ ਖੇਡੀ।
ਹਰਮਨਪ੍ਰੀਤ ਦੀ ਅਰਧ ਸੈਂਕੜੇ ਵਾਲੀ ਪਾਰੀ
ਇਸ ਤੋਂ ਪਹਿਲਾਂ ਭਾਰਤ ਨੇ 20 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 170 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ 27 ਗੇਂਦਾਂ ਵਿੱਚ 56 ਦੌੜਾਂ ਬਣਾਈਆਂ। ਆਖਰੀ ਓਵਰ ਵਿੱਚ ਉਨ੍ਹਾਂ ਨੇ ਲਗਾਤਾਰ ਤਿੰਨ ਛੱਕੇ ਲਗਾ ਕੇ ਟੀਮ ਦਾ ਸਕੋਰ ਮਜ਼ਬੂਤ ਕੀਤਾ।
ਸਮ੍ਰਿਤੀ ਮੰਧਾਨਾ ਨੇ 38 ਅਤੇ ਸ਼ੈਫਾਲੀ ਵਰਮਾ ਨੇ 34 ਦੌੜਾਂ ਜੋੜੀਆਂ। ਦੋਵਾਂ ਨੇ ਪਹਿਲੀ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਕੀਤੀ, ਪਰ ਰਨ ਰੇਟ ਨੂੰ ਤੇਜ਼ ਨਹੀਂ ਕਰ ਸਕੀਆਂ। ਜੇਮੀਮਾ ਰੌਡਰਿਗਜ਼ ਨੇ ਵੀ 34 ਦੌੜਾਂ ਬਣਾਈਆਂ, ਪਰ ਟੀਮ ਵੱਡਾ ਸਕੋਰ ਖੜ੍ਹਾ ਕਰਨ ਲਈ ਅੰਤ ਤੱਕ ਰਫ਼ਤਾਰ ਨਹੀਂ ਬਣਾ ਸਕੀ।
ਸੈਮੀਫਾਈਨਲ ਦੀ ਦੌੜ ਤੋਂ ਬਾਹਰ ਭਾਰਤ
ਇਸ ਹਾਰ ਨਾਲ ਭਾਰਤ ਪੰਜ ਮੈਚਾਂ ਵਿੱਚ 6 ਅੰਕਾਂ ਨਾਲ ਗਰੁੱਪ-1 ਵਿੱਚ ਤੀਜੇ ਸਥਾਨ ‘ਤੇ ਰਿਹਾ। ਦੂਜੇ ਪਾਸੇ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਨੇ 8-8 ਅੰਕਾਂ ਨਾਲ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ। ਟੂਰਨਾਮੈਂਟ ਵਿੱਚ ਭਾਰਤ ਦਾ ਇਹ ਸਭ ਤੋਂ ਵਧੀਆ ਬੱਲੇਬਾਜ਼ੀ ਪ੍ਰਦਰਸ਼ਨ ਰਿਹਾ, ਪਰ ਨਤੀਜਾ ਟੀਮ ਦੇ ਹੱਕ ਵਿੱਚ ਨਹੀਂ ਜਾ ਸਕਿਆ।

