ਨਿਊਜ਼ ਡੈਸਕ: ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਵਿੱਚ 16 ਜੂਨ ਨੂੰ ਹੋਏ ਹਮਲੇ ਦੇ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਬੰਦ ਚਾਰ ਨਿਹੰਗ ਸਿੱਖਾਂ ਨੂੰ ਗੋਪੇਸ਼ਵਰ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜ਼ਿਲ੍ਹਾ ਅਤੇ ਸੈਸ਼ਨ ਜੱਜ ਬਿੰਧਿਆਚਲ ਸਿੰਘ ਨੇ ਸਤਵਿੰਦਰ ਸਿੰਘ, ਅਜੈ ਸਿੰਘ, ਜਸਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਦੀਆਂ ਜ਼ਮਾਨਤ ਅਰਜ਼ੀਆਂ ਮਨਜ਼ੂਰ ਕਰਦਿਆਂ ਹਰੇਕ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ ‘ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।
ਦਸ ਦਈਏ ਕਿ 16 ਜੂਨ ਨੂੰ ਕਰਨਪ੍ਰਯਾਗ ਵਿੱਚ ਨਿਹੰਗ ਸਿੱਖਾਂ ਅਤੇ ਸਥਾਨਿਕ ਨਿਵਾਸੀਆਂ ਵਿਚਕਾਰ ਹੋਈ ਝੜਪ ਤੋਂ ਬਾਅਦ, ਪੁਲਿਸ ਨੇ ਨਿਹੰਗਾਂ ਵਿਰੁੱਧ ਸਥਾਨਕ ਨਿਵਾਸੀਆਂ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਚਾਰਾਂ ਜਣਿਆਂ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਧਾਰਮਿਕ ਯਾਤਰਾ ‘ਤੇ ਸਨ, ਜਦੋਂ ਕਈ ਸਥਾਨਕ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਮਨਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਦੂਜੇ ਪਾਸੇ ਸਰਕਾਰੀ ਪੱਖ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਦੋਸ਼ ਗੰਭੀਰ ਹਨ ਅਤੇ ਮੁਲਜ਼ਮਾਂ ਦੀ ਰਿਹਾਈ ਨਾਲ ਸਬੂਤਾਂ ਨਾਲ ਛੇੜਛਾੜ ਹੋ ਸਕਦੀ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ ਸੜਕ ਹਾਦਸੇ ਤੋਂ ਬਾਅਦ ਹੋਏ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ ਸੀ ਅਤੇ ਜਾਂਚ ਦੌਰਾਨ ਪੁਲੀਸ ਨੇ ਕੇਸ ਦੀਆਂ ਧਾਰਾਵਾਂ ਵਿੱਚ ਵੀ ਤਬਦੀਲੀ ਕੀਤੀ ਹੈ।
ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰ ਵਿੱਚ ਇਹ ਘਟਨਾ ਪੁਰਾਣੀ ਦੁਸ਼ਮਣੀ ਦੀ ਬਜਾਏ ਸੜਕ ‘ਤੇ ਅਚਾਨਕ ਹੋਏ ਵਿਵਾਦ ਦਾ ਨਤੀਜਾ ਲੱਗਦੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਨਿਹੰਗ ਸਿੰਘਾਂ ਖ਼ਿਲਾਫ਼ ਲੱਗੀਆਂ ਧਾਰਾਵਾਂ ਵਿੱਚ ਵੱਧ ਤੋਂ ਵੱਧ ਸੱਤ ਸਾਲ ਦੀ ਸਜ਼ਾ ਦਾ ਪ੍ਰਬੰਧ ਹੈ।
ਅਦਾਲਤ ਨੇ ਹੋਰ ਟਿੱਪਣੀ ਕੀਤੇ ਬਿਨਾਂ ਕਿਹਾ ਕਿ ਚਾਰਾਂ ਮੁਲਜ਼ਮਾਂ ਨੂੰ ਜ਼ਮਾਨਤ ਦੇਣ ਲਈ ਯੋਗ ਆਧਾਰ ਮੌਜੂਦ ਹਨ। ਅਦਾਲਤ ਨੇ ਲੋੜੀਂਦੀਆਂ ਜ਼ਮਾਨਤਾਂ ਜਮ੍ਹਾਂ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਅਤੇ ਇਸ ਸਬੰਧੀ ਹੁਕਮ ਦੀ ਕਾਪੀ ਤੁਰੰਤ ਚਮੋਲੀ ਜ਼ਿਲ੍ਹਾ ਜੇਲ੍ਹ ਨੂੰ ਭੇਜਣ ਲਈ ਕਿਹਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

