ਅੰਮ੍ਰਿਤਸਰੀ ਕੁਲਚੇ ਨੂੰ GI ਟੈਗ ਦਿਵਾਉਣ ਲਈ ਤਾਲਮੇਲ ਕਮੇਟੀ ਦੇ ਗਠਨ ਸਬੰਧੀ ਭਲਕੇ ਅਹਿਮ ਮੀਟਿੰਗ

Global Team
3 Min Read

ਅੰਮ੍ਰਿਤਸਰ: ਪੰਜਾਬ ਸਰਕਾਰ ਦੇ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਅੰਮ੍ਰਿਤਸਰੀ ਕੁਲਚੇ ਨੂੰ ਭੂਗੋਲਿਕ ਸੰਕੇਤ (Geographical Indication-GI) ਟੈਗ ਦਿਵਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ 19 ਜੂਨ ਨੂੰ ਡਿਪਟੀ ਕਮਿਸ਼ਨਰ ਦਫ਼ਤਰ, ਅੰਮ੍ਰਿਤਸਰ ਵਿਖੇ ਇਕ ਅਹਿਮ ਮੀਟਿੰਗ ਬੁਲਾਈ ਗਈ ਹੈ।

ਫੂਡ ਪ੍ਰੋਸੈਸਿੰਗ ਵਿਭਾਗ ਦੇ ਵਿਸ਼ੇਸ਼ ਸਕੱਤਰ ਵੱਲੋਂ ਜਾਰੀ ਪੱਤਰ ਅਨੁਸਾਰ ਅੰਮ੍ਰਿਤਸਰੀ ਕੁਲਚਾ ਪੰਜਾਬ ਦੀ ਵਿਲੱਖਣ ਖਾਣ-ਪੀਣ ਵਿਰਾਸਤ ਦਾ ਅਹਿਮ ਹਿੱਸਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਦੀ ਨਕਲ ਬਣਾਏ ਜਾਣ ਕਾਰਨ ਇਸ ਦੀ ਅਸਲ ਪਛਾਣ ਅਤੇ ਇਸ ਨਾਲ ਜੁੜੇ ਕਾਰੀਗਰਾਂ ਦੇ ਹੱਕ ਪ੍ਰਭਾਵਿਤ ਹੋ ਰਹੇ ਹਨ। ਇਸ ਲਈ ਅੰਮ੍ਰਿਤਸਰੀ ਕੁਲਚੇ ਨੂੰ ਜੀ.ਆਈ. ਟੈਗ ਦਿਵਾਉਣ ਦੀ ਲੋੜ ਮਹਿਸੂਸ ਕੀਤੀ ਗਈ ਹੈ।

ਜੀ.ਆਈ. ਟੈਗ ਭਾਰਤ ਦੇ ਜੀ.ਆਈ. ਐਕਟ, 1999 ਤਹਿਤ ਦਿੱਤਾ ਜਾਣ ਵਾਲਾ ਇੱਕ ਕਾਨੂੰਨੀ ਪ੍ਰਮਾਣੀਕਰਨ ਹੈ, ਜੋ ਕਿਸੇ ਖਾਸ ਖੇਤਰ ਤੋਂ ਉਤਪੰਨ ਹੋਣ ਵਾਲੇ ਅਤੇ ਵਿਲੱਖਣ ਗੁਣਾਂ ਵਾਲੇ ਉਤਪਾਦਾਂ ਦੀ ਪਛਾਣ ਨੂੰ ਸੁਰੱਖਿਅਤ ਕਰਦਾ ਹੈ। ਇਸ ਲਈ ਵਿਭਾਗ ਨੇ ਅੰਮ੍ਰਿਤਸਰੀ ਕੁਲਚੇ ਨੂੰ ਜੀ.ਆਈ. ਟੈਗ ਦਿਵਾਉਣ ਦੀ ਲੋੜ ਨੂੰ ਮਹੱਤਵਪੂਰਨ ਮੰਨਦਿਆਂ ਇਸ ਦਿਸ਼ਾ ਵਿੱਚ ਕਾਰਵਾਈ ਸ਼ੁਰੂ ਕੀਤੀ ਹੈ।

ਇਸ ਉਦੇਸ਼ ਨੂੰ ਪੂਰਾ ਕਰਨ ਲਈ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (PSCST), ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੂਡ ਟੈਕਨਾਲੋਜੀ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਨੁਮਾਇੰਦਿਆਂ ਦੀ ਇਕ ਤਾਲਮੇਲ ਕਮੇਟੀ ਬਣਾਈ ਜਾਵੇਗੀ।

ਕਮੇਟੀ ਦਾ ਮੁੱਖ ਉਦੇਸ਼ ਅੰਮ੍ਰਿਤਸਰ ਦੇ ਕੁਲਚਾ ਨਿਰਮਾਤਾਵਾਂ ਦੀ ਐਸੋਸੀਏਸ਼ਨ ਦਾ ਗਠਨ ਕਰਵਾਉਣਾ ਹੋਵੇਗਾ, ਤਾਂ ਜੋ ਜੀ.ਆਈ. ਟੈਗ ਲਈ ਅਰਜ਼ੀ ਦਾਖਲ ਕਰਨ ਲਈ ਇਕ ਯੋਗ ਸੰਸਥਾ ਤਿਆਰ ਕੀਤੀ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਨੇ ਮੀਟਿੰਗ ਦੇ ਪ੍ਰਬੰਧਾਂ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ।

ਮੀਟਿੰਗ 19 ਜੂਨ ਨੂੰ ਦੁਪਹਿਰ 12 ਵਜੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਮੇਟੀ ਰੂਮ ਵਿੱਚ ਹੋਵੇਗੀ, ਜਿਸ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਪ੍ਰਮੁੱਖ ਕੁਲਚਾ ਨਿਰਮਾਤਾ ਸ਼ਾਮਲ ਹੋਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਅੰਮ੍ਰਿਤਸਰੀ ਕੁਲਚਾ ਬਣਾਉਣ ਵਾਲੇ ਪ੍ਰਮੁੱਖ ਨਿਰਮਾਤਾਵਾਂ ਨੂੰ ਇਸ ਮੀਟਿੰਗ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment