ਨਿਊਜ਼ ਡੈਸਕ: ਭਾਰਤ ਵਿੱਚ ਐਨਟਰੈਂਸ ਪ੍ਰੀਖਿਆਵਾਂ ਨੂੰ ਲੈ ਕੇ ਚਰਚਾਵਾਂ ਵਿਚਾਲੇ ਚੀਨ ਨੇ ਆਪਣੀ ਸਭ ਤੋਂ ਵੱਡੀ ਅਤੇ ਸਭ ਤੋਂ ਮਹੱਤਵਪੂਰਨ ਪ੍ਰੀਖਿਆ ‘ਗਾਓਕਾਓ’ ਦੇ ਸਫ਼ਲ ਆਯੋਜਨ ਦਾ ਦਾਅਵਾ ਕੀਤਾ ਹੈ। ਚੀਨੀ ਅਧਿਕਾਰੀਆਂ ਮੁਤਾਬਕ ਇਹ ਪ੍ਰੀਖਿਆ ਸਿਰਫ਼ ਦੋ ਦਿਨਾਂ ਵਿੱਚ ਕਰਵਾਈ ਗਈ, ਜਿਸ ਵਿੱਚ ਕਰੀਬ 1.3 ਕਰੋੜ ਵਿਦਿਆਰਥੀਆਂ ਨੇ ਹਿੱਸਾ ਲਿਆ।
ਚੀਨ ਦਾ ਕਹਿਣਾ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਦੇ ਬਾਵਜੂਦ ਪ੍ਰੀਖਿਆ ਦਾ ਆਯੋਜਨ ਸੁਚਾਰੂ ਢੰਗ ਨਾਲ ਕੀਤਾ ਗਿਆ ਅਤੇ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਗਈ।
ਵਿਦਿਆਰਥੀਆਂ ਲਈ ਕੀਤੇ ਗਏ ਖ਼ਾਸ ਪ੍ਰਬੰਧ
ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਸ਼ਾਂਤ ਮਾਹੌਲ ਮੁਹੱਈਆ ਕਰਵਾਉਣ ਲਈ ਕਈ ਵਿਸ਼ੇਸ਼ ਕਦਮ ਚੁੱਕੇ ਗਏ। ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਸ਼ੋਰ ਘਟਾਉਣ ਲਈ ਕੁਝ ਫੈਕਟਰੀਆਂ ਦਾ ਕੰਮ ਰੋਕਿਆ ਗਿਆ ਅਤੇ ਕਈ ਥਾਵਾਂ ‘ਤੇ ਟ੍ਰੈਫਿਕ ਪਾਬੰਦੀਆਂ ਵੀ ਲਗਾਈਆਂ ਗਈਆਂ।
ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਆਉਣ-ਜਾਣ ਲਈ ਵੀ ਖ਼ਾਸ ਪ੍ਰਬੰਧ ਕੀਤੇ ਗਏ ਤਾਂ ਜੋ ਉਹ ਬਿਨਾਂ ਕਿਸੇ ਦਿੱਕਤ ਦੇ ਸਮੇਂ ਸਿਰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚ ਸਕਣ।
ਚੀਨੀ ਦੂਤਾਵਾਸ ਨੇ ਕੀਤੀ JEE-NEET ਨਾਲ ਤੁਲਨਾ
ਭਾਰਤ ਵਿੱਚ ਸਥਿਤ ਚੀਨੀ ਦੂਤਾਵਾਸ ਦੇ ਬੁਲਾਰੇ ਯੂ ਜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਗਾਓਕਾਓ ਪ੍ਰੀਖਿਆ ਦੀ ਤੁਲਨਾ ਭਾਰਤ ਦੀਆਂ JEE ਅਤੇ NEET ਪ੍ਰੀਖਿਆਵਾਂ ਨਾਲ ਕੀਤੀ। ਉਨ੍ਹਾਂ ਕਿਹਾ ਕਿ ਗਾਓਕਾਓ ਚੀਨ ਦੀ ਸਭ ਤੋਂ ਵੱਡੀ ਪ੍ਰੀਖਿਆ ਹੈ ਅਤੇ ਇਹ JEE ਅਤੇ NEET ਦੇ ਦਾ ਸੁਮੇਲ ਮੰਨੀ ਜਾਂਦੀ ਹੈ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸਿਰਫ਼ ਦੋ ਦਿਨਾਂ ਵਿੱਚ 1.3 ਕਰੋੜ ਵਿਦਿਆਰਥੀਆਂ ਲਈ ਪ੍ਰੀਖਿਆ ਦਾ ਸਫ਼ਲ ਆਯੋਜਨ ਕੀਤਾ ਗਿਆ ਅਤੇ ਇਸ ਲਈ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ।
ਕੀ ਹੈ ਗਾਓਕਾਓ ਪ੍ਰੀਖਿਆ?
ਗਾਓਕਾਓ ਚੀਨ ਦੀ ਰਾਸ਼ਟਰੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਹੈ, ਜਿਸ ਦਾ ਆਯੋਜਨ ਚੀਨ ਦਾ ਸਿੱਖਿਆ ਮੰਤਰਾਲਾ ਕਰਦਾ ਹੈ। ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਇਹ ਸਭ ਤੋਂ ਅਹਿਮ ਪ੍ਰੀਖਿਆ ਮੰਨੀ ਜਾਂਦੀ ਹੈ।
ਹਰ ਸਾਲ ਲੱਖਾਂ ਨਹੀਂ, ਸਗੋਂ ਕਰੋੜਾਂ ਵਿਦਿਆਰਥੀ ਇਸ ਵਿੱਚ ਸ਼ਾਮਲ ਹੁੰਦੇ ਹਨ। ਵਿਦਿਆਰਥੀਆਂ ਦੀ ਵੱਡੀ ਗਿਣਤੀ ਕਾਰਨ ਇਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਪ੍ਰਵੇਸ਼ ਪ੍ਰੀਖਿਆ ਵੀ ਕਿਹਾ ਜਾਂਦਾ ਹੈ। ਚੀਨ ਵਿੱਚ ਇਸ ਪ੍ਰੀਖਿਆ ਨੂੰ ਵਿਦਿਆਰਥੀਆਂ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਪੜਾਅ ਮੰਨਿਆ ਜਾਂਦਾ ਹੈ ਅਤੇ ਇਸ ਲਈ ਉਹ ਲੰਬੇ ਸਮੇਂ ਤੱਕ ਤਿਆਰੀ ਕਰਦੇ ਹਨ।
ਇਸੇ ਦੌਰਾਨ ਭਾਰਤ ਵਿੱਚ NEET-UG ਪ੍ਰੀਖਿਆ ਨਾਲ ਜੁੜੇ ਪੇਪਰ ਲੀਕ ਮਾਮਲੇ ‘ਤੇ ਵੀ ਚਰਚਾ ਜਾਰੀ ਹੈ। ਇਸ ਸਬੰਧੀ ਸੰਸਦੀ ਕਮੇਟੀ ਦੀ ਬੈਠਕ ਵਿੱਚ ਅਧਿਕਾਰੀਆਂ ਨੇ ਆਪਣਾ ਪੱਖ ਰੱਖਿਆ। ਕਮੇਟੀ ਦੇ ਮੈਂਬਰਾਂ ਨੇ ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਦੀਆਂ ਪ੍ਰੀਖਿਆ ਪ੍ਰਣਾਲੀਆਂ ਦਾ ਜ਼ਿਕਰ ਕਰਦਿਆਂ ਬਿਹਤਰ ਪ੍ਰਬੰਧਨ ਅਤੇ ਵਿਸ਼ਵ ਪੱਧਰੀ ਤਜਰਬਿਆਂ ਤੋਂ ਸਿੱਖਣ ਦੀ ਲੋੜ ‘ਤੇ ਜ਼ੋਰ ਦਿੱਤਾ।

