ਲੁਧਿਆਣਾ ’ਚ ਲਾਪਤਾ ਲੜਕੀ ਦੀ 10 ਮਹੀਨਿਆ ਬਾਅਦ ਦਰਜ ਹੋਈ FIR! ਲੜਕੀ ਵਲੋਂ ਮਾਂ ਨੂੰ ਭੇਜਿਆ ਸੀ ਡਰਾਉਣਾ ਮੈਸੇਜ

Global Team
4 Min Read

ਲੁਧਿਆਣਾ: ਲੁਧਿਆਣਾ ਦੇ ਪੀਸੀਟੀਈ ਕਾਲਜ ਤੋਂ ਲੈਬ ਟੈਕਨੀਸ਼ੀਅਨ ਦਾ ਕੋਰਸ ਕਰ ਰਹੀ 21 ਸਾਲਾ ਨੌਜਵਾਨ ਲੜਕੀ ਅਗਸਤ 2025 ਵਿੱਚ ਅਚਾਨਕ ਲਾਪਤਾ ਹੋ ਗਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਧੀ ਦੇ ਗਾਇਬ ਹੋਣ ਦੇ ਅਗਲੇ ਹੀ ਦਿਨ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ ਅਤੇ ਸੰਦੀਪ ਯਾਦਵ ਨਾਮਕ ਨੌਜਵਾਨ ’ਤੇ ਉਸ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਦਾ ਸ਼ੱਕ ਜਤਾਇਆ ਸੀ, ਪਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।

ਮਾਂ ਦੇ ਮੁਤਾਬਕ ਸੰਦੀਪ ਕਾਫੀ ਸਮੇਂ ਤੋਂ ਉਨ੍ਹਾਂ ਦੀ ਧੀ ’ਤੇ ਨਜ਼ਰ ਰੱਖਦਾ ਸੀ। ਉਹ ਘਰ ਦੇ ਆਲੇ-ਦੁਆਲੇ ਅਤੇ ਕਾਲਜ ਆਉਣ-ਜਾਣ ਸਮੇਂ ਵੀ ਉਸ ਦੇ ਨੇੜੇ ਘੁੰਮਦਾ ਰਹਿੰਦਾ ਸੀ। ਜੂਨ 2025 ਵਿੱਚ ਉਸ ਨੇ ਧੀ ਦੇ 15 ਸਾਲਾ ਭਰਾ ਨਾਲ ਦੋਸਤੀ ਕਰ ਲਈ ਅਤੇ ਉਸੇ ਬਹਾਨੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਪਰਿਵਾਰ ਨੂੰ ਜਦੋਂ ਉਸ ਦੀਆਂ ਹਰਕਤਾਂ ਸ਼ੱਕੀ ਲੱਗੀਆਂ ਤਾਂ 15 ਅਗਸਤ ਨੂੰ ਉਸ ਨੂੰ ਘਰ ਆਉਣ ਤੋਂ ਸਖ਼ਤੀ ਨਾਲ ਰੋਕ ਦਿੱਤਾ ਗਿਆ।

ਟਿਊਸ਼ਨ ਪੜ੍ਹਾਉਣ ਤੋਂ ਬਾਅਦ ਹੋ ਗਈ ਲਾਪਤਾ

ਮਾਂ ਨੇ ਦੱਸਿਆ ਕਿ 17 ਅਗਸਤ 2025 ਨੂੰ ਧੀ ਰੋਜ਼ਾਨਾ ਵਾਂਗ ਟਿਊਸ਼ਨ ਪੜ੍ਹਾ ਰਹੀ ਸੀ। ਰਾਤ ਕਰੀਬ 8 ਵਜੇ ਬੱਚਿਆਂ ਦੇ ਜਾਣ ਤੋਂ ਬਾਅਦ ਉਹ ਚੁੱਪਚਾਪ ਘਰ ਤੋਂ ਨਿਕਲ ਗਈ। ਜਦੋਂ ਲੰਬੇ ਸਮੇਂ ਤੱਕ ਉਹ ਵਾਪਸ ਨਾ ਆਈ ਤਾਂ ਪਰਿਵਾਰ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਫੋਨ ਬੰਦ ਆ ਰਿਹਾ ਸੀ। ਪੂਰੀ ਰਾਤ ਉਸ ਦੀ ਭਾਲ ਕੀਤੀ ਗਈ ਅਤੇ ਅਗਲੇ ਦਿਨ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ।

ਧੀ ਦੇ ਗਾਇਬ ਹੋਣ ਦੇ ਦੋ ਮਹੀਨੇ ਬਾਅਦ ਉਸ ਦੇ ਪਿਤਾ ਦੀ ਮੌਤ ਹੋ ਗਈ। ਮਾਂ ਦਾ ਕਹਿਣਾ ਹੈ ਕਿ ਪਿਤਾ ਆਪਣੀ ਧੀ ਦੇ ਗਮ ਨੂੰ ਸਹਿ ਨਾ ਸਕੇ। ਪਿਤਾ ਦੀ ਮੌਤ ਦੀ ਖ਼ਬਰ ਮਿਲਣ ’ਤੇ ਧੀ ਨੇ ਇੰਸਟਾਗ੍ਰਾਮ ਰਾਹੀਂ ਸੰਪਰਕ ਕੀਤਾ ਅਤੇ ਘਰ ਆਉਣ ਦੀ ਇੱਛਾ ਜਤਾਈ। ਪਰ ਗੱਲਬਾਤ ਦੌਰਾਨ ਕੋਈ ਹੋਰ ਵਿਅਕਤੀ ਉੱਥੇ ਆ ਗਿਆ ਅਤੇ ਉਸ ਤੋਂ ਬਾਅਦ ਧੀ ਨੇ ਰੋਂਦਿਆਂ ਸੰਪਰਕ ਬੰਦ ਕਰਨ ਲਈ ਕਿਹਾ। ਇਸ ਤੋਂ ਬਾਅਦ ਉਸ ਦਾ ਇੰਸਟਾਗ੍ਰਾਮ ਖਾਤਾ ਵੀ ਬੰਦ ਹੋ ਗਿਆ।

“ਮੈਨੂੰ ਇੱਕ ਕਮਰੇ ਵਿੱਚ ਰੱਖਿਆ ਹੋਇਆ ਹੈ”

ਫਰਵਰੀ 2026 ਵਿੱਚ ਧੀ ਦਾ ਮੁੜ ਇੱਕ ਸੰਦੇਸ਼ ਆਇਆ। ਉਸ ਨੇ ਮਾਂ ਨੂੰ ਲਿਖਿਆ ਕਿ ਉਸ ਨੂੰ ਇੱਕ ਕਮਰੇ ਵਿੱਚ ਰੱਖਿਆ ਗਿਆ ਹੈ ਅਤੇ ਜੇ ਮਾਂ ਮਿਲਣਾ ਚਾਹੁੰਦੀ ਹੈ ਤਾਂ ਆ ਸਕਦੀ ਹੈ। ਜਦੋਂ ਮਾਂ ਨੇ ਕਿਹਾ ਕਿ ਉਹ ਪੁਲਿਸ ਨੂੰ ਨਾਲ ਲੈ ਕੇ ਆਵੇਗੀ ਤਾਂ ਧੀ ਨੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਹ ਉਸ ਨੂੰ ਮਾਰਣਗੇ ਅਤੇ ਕਿਸੇ ਹੋਰ ਥਾਂ ਭੇਜ ਦੇਣਗੇ। ਉਸ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਜੇ ਕੋਈ ਫੋਨ ਜਾਂ ਇੰਸਟਾਗ੍ਰਾਮ ਰਾਹੀਂ ਗੱਲ ਹੋਵੇ ਤਾਂ ਸਮਝ ਲਿਆ ਜਾਵੇ ਕਿ ਇਹ ਸਭ ਉਨ੍ਹਾਂ ਦੇ ਕਹਿਣ ’ਤੇ ਹੋ ਰਿਹਾ ਹੈ।

ਮਾਂ ਦਾ ਦੋਸ਼ ਹੈ ਕਿ ਇਨ੍ਹਾਂ 10 ਮਹੀਨਿਆਂ ਦੌਰਾਨ ਉਹ ਲਗਾਤਾਰ ਥਾਣੇ ਦੇ ਚੱਕਰ ਲਗਾਉਂਦੀ ਰਹੀ, ਪਰ ਨਾ ਤਾਂ ਧੀ ਦੀ ਭਾਲ ਲਈ ਕੋਈ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਗਈ ਅਤੇ ਨਾ ਹੀ ਐਫਆਈਆਰ ਦਰਜ ਹੋਈ। ਹੁਣ ਇੱਕ ਆਗੂ ਦੀ ਮਦਦ ਨਾਲ ਮਾਮਲਾ ਦਰਜ ਕੀਤਾ ਗਿਆ ਹੈ।

ਉੱਧਰ ਡਾਬਾ ਥਾਣੇ ਦੇ ਜਾਂਚ ਅਧਿਕਾਰੀ ਰਾਜ ਗੋਪਾਲ ਨੇ ਕਿਹਾ ਕਿ ਜਿਵੇਂ ਹੀ ਫਾਈਲ ਉਨ੍ਹਾਂ ਕੋਲ ਪਹੁੰਚੀ, ਤੁਰੰਤ ਐਫਆਈਆਰ ਦਰਜ ਕਰ ਲਈ ਗਈ। ਪੁਲਿਸ ਹੁਣ ਲੜਕੀ ਅਤੇ ਦੋਸ਼ੀ ਦੀ ਲੋਕੇਸ਼ਨ ਟਰੇਸ ਕਰ ਰਹੀ ਹੈ ਅਤੇ ਜਲਦ ਹੀ ਕੁੜੀ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Share This Article
Leave a Comment