ਚੰਡੀਗੜ੍ਹ : ਪੰਜਾਬ ਵਿੱਚ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ, ਪੰਜਾਬ ਦੇ ਅੱਠ ਜ਼ਿਲ੍ਹਿਆਂ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਸੰਗਰੂਰ ਵਿੱਚ ਹੀਟਵੇਵ ਚੱਲੇਗੀ। ਇਸ ਤੋਂ ਇਲਾਵਾ, ਪਠਾਨਕੋਟ ਵਿੱਚ 44 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਸੋਮਵਾਰ ਨੂੰ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 2.3 ਡਿਗਰੀ ਵਧ ਰਿਹਾ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 44.5 ਡਿਗਰੀ ਸੈਲਸੀਅਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਿਕਾਰਡ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 41.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ 10 ਜੂਨ ਨੂੰ ਵੀ ਬਣੀ ਰਹੇਗੀ। ਹਾਲਾਂਕਿ, 11 ਜੂਨ ਤੋਂ ਮੌਸਮ ਵਿੱਚ ਬਦਲਾਅ ਸ਼ੁਰੂ ਹੋਵੇਗਾ ਅਤੇ ਕਈ ਇਲਾਕਿਆਂ ਵਿੱਚ ਮੀਂਹ, ਗਰਜ-ਚਮਕ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ, 11 ਜੂਨ ਤੱਕ ਸੂਬੇ ਦੇ ਕੁਝ ਹਿੱਸਿਆਂ ਵਿੱਚ ਹੀਟ ਵੇਵ ਦਾ ਅਸਰ ਰਹਿ ਸਕਦਾ ਹੈ। 12 ਜੂਨ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਤਿੰਨ ਦਿਨਾਂ ਵਿੱਚ ਦਿਨ ਦਾ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ, ਜਿਸ ਤੋਂ ਬਾਅਦ ਇਸ ਵਿੱਚ 2 ਤੋਂ 4 ਡਿਗਰੀ ਦੀ ਗਿਰਾਵਟ ਆ ਸਕਦੀ ਹੈ।
11, 13 ਅਤੇ 14 ਜੂਨ ਨੂੰ ਸੂਬੇ ਦੀਆਂ ਕੁਝ ਥਾਵਾਂ ‘ਤੇ ਹਲਕਾ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਜਦੋਂ ਕਿ, 12 ਜੂਨ ਨੂੰ ਕਈ ਇਲਾਕਿਆਂ ਵਿੱਚ ਮੀਂਹ ਦੇ ਨਾਲ-ਨਾਲ ਕੁਝ ਥਾਵਾਂ ‘ਤੇ ਗੜ੍ਹੇ ਵੀ ਪੈ ਸਕਦੇ ਹਨ। ਦੋਵੇਂ ਦਿਨ ਕੁਝ ਸਥਾਨਾਂ ‘ਤੇ ਗਰਜ-ਚਮਕ ਦੇ ਨਾਲ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਲੂ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਉਦੋਂ ਤੱਕ ਧੁੱਪ ਵਿੱਚ ਬਾਹਰ ਨਾ ਨਿਕਲੋ। ਸ਼ਰਾਬ, ਚਾਹ, ਕੌਫੀ ਅਤੇ ਕਾਰਬੋਨੇਟਿਡ ਸਾਫਟ ਡਰਿੰਕਸ ਜਾਂ ਜਿਆਦਾ ਮਿੱਠੇ ਵਾਲੇ ਪੀਣਯੋਗ ਪਦਾਰਥਾਂ ਤੋਂ ਬਚੋ ਕਿਉਂਕਿ ਇਹ ਸਰੀਰ ਦੇ ਤਰਲ ਪਦਾਰਥਾਂ ਦਾ ਨੁਕਸਾਨ ਕਰਦੇ ਹਨ। ਦਿਨ ਵੇਲੇ ਸੂਰਜ ਦੇ ਸਿੱਧੇ ਸੰਪਰਕ ਤੋਂ ਬਚੋ, ਚੰਗੀ ਤਰ੍ਹਾਂ ਹਵਾਦਾਰ ਅਤੇ ਠੰਢੀਆਂ ਥਾਵਾਂ ‘ਤੇ ਘਰ ਦੇ ਅੰਦਰ ਰਹੋ। ਹਲਕੇ ਰੰਗ ਦੇ ਪਤਲੇ ਢਿੱਲੇ, ਸੂਤੀ ਕੱਪੜੇ ਪਹਿਨੋ, ਧੁੱਪ ਵਿੱਚ ਬਾਹਰ ਜਾਂਦੇ ਸਮੇਂ ਜੁੱਤੇ ਜਾਂ ਚੱਪਲ ਜ਼ਰੂਰ ਪਹਿਨੋ। ਦਿਨ ਵੇਲੇ ਆਪਣੇ ਘਰ ਦੀਆਂ ਖਿੜਕੀਆਂ ਅਤੇ ਪਰਦੇ ਬੰਦ ਰੱਖੋ ਅਤੇ ਰਾਤ ਨੂੰ ਉਨ੍ਹਾਂ ਨੂੰ ਖੋਲ੍ਹੋ।

