ਚੰਡੀਗੜ੍ਹ: ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪਾਰਟੀ ਦੇ ਅੰਦਰੂਨੀ ਵਿਵਾਦ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਿਲ ਰਹੇ ਸਾਬਕਾ ਆਈ.ਏ.ਐੱਸ. (IAS) ਅਧਿਕਾਰੀ ਡਾ. ਜਗਮੋਹਨ ਸਿੰਘ ਰਾਜੂ ਨੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਐਤਵਾਰ ਸਵੇਰੇ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਚਿੱਠੀ ਵਿੱਚ ਉਨ੍ਹਾਂ ਸੰਗਠਨ ਮੰਤਰੀ ਮੰਥਰੀ ਸ੍ਰੀਨਿਵਾਸਲੂ ਨੂੰ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਚਾਰ ਸਾਲਾਂ ਦੌਰਾਨ ਉਪ-ਪ੍ਰਧਾਨ ਅਤੇ ਜਨਰਲ ਸਕੱਤਰ ਵਜੋਂ ਪਾਰਟੀ ਦੀ ਸੇਵਾ ਕੀਤੀ ਹੈ, ਜੋ ਉਨ੍ਹਾਂ ਦੇ ਸਿਆਸੀ ਸਫ਼ਰ ਦਾ ਬਹੁਤ ਵਧੀਆ ਤਜ਼ਰਬਾ ਰਿਹਾ। ਇਸ ਚਿੱਠੀ ਦੀ ਇੱਕ ਕਾਪੀ ਨਵੇਂ ਪ੍ਰਧਾਨ ਕੇਵਲ ਢਿੱਲੋਂ ਨੂੰ ਵੀ ਭੇਜੀ ਗਈ ਹੈ।
ਡਾ. ਰਾਜੂ ਨੇ ਅਹੁਦਾ ਛੱਡਣ ਦਾ ਕਾਰਨ ਪੰਜਾਬ ਦੇ ਕੁਝ ਅਹਿਮ ਜਨਤਕ ਮੁੱਦਿਆਂ ‘ਤੇ ਕੰਮ ਕਰਨਾ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ, ਨੌਜਵਾਨਾਂ ਦੀ ਪੜ੍ਹਾਈ, ਗ਼ਰੀਬ ਬੱਚਿਆਂ ਦੇ ਸਿੱਖਿਆ ਦੇ ਅਧਿਕਾਰ, ਦਲਿਤਾਂ ਤੇ ਸਿੱਖਾਂ ਦੇ ਸੰਵਿਧਾਨਕ ਹੱਕਾਂ ਦੀ ਰਾਖੀ, ਧਰਮ ਤਬਦੀਲੀ, ਨਸ਼ਿਆਂ ਦੇ ਖ਼ਾਤਮੇ, ਪੰਜਾਬੀ ਭਾਸ਼ਾ ਦੀ ਪ੍ਰਮੁੱਖਤਾ ਅਤੇ ਪੰਜਾਬ ਦੇ ਪਾਣੀਆਂ ਤੇ ਚੰਡੀਗੜ੍ਹ ਵਰਗੇ ਲਟਕਦੇ ਮੁੱਦਿਆਂ ‘ਤੇ ਹੋਰ ਵੱਡੇ ਪੱਧਰ ‘ਤੇ ਕੰਮ ਕਰਨਾ ਚਾਹੁੰਦੇ ਹਨ।

