ਓਂਟਾਰੀਓ : ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਕਾਰ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਹਾਲਟਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਭਾਰਤੀ ਮੂਲ ਦੇ ਦੋ ਵਿਦਿਆਰਥੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਕਾਰਾਂ ਚੋਰੀ ਕਰਨ ਲਈ ਵਰਤੇ ਜਾਣ ਵਾਲੇ ਆਧੁਨਿਕ ਉਪਕਰਨ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਵਲੋਂ ਇਸ ਸਾਲ ਤੋਂ ਸ਼ੁਰੂ ਕੀਤੇ ਪ੍ਰੋਜੈਕਟ ਡਿਸਕੁਨੈਕਟ ਤਹਿਤ ਇੱਕ ਟੀਮ ਦਾ ਗਠਨ ਕੀਤਾ ਸੀ ਜਿਸ ਤਹਿਤ ਹੁਣ ਤੱਕ ਚੋਰੀ ਹੋਈਆਂ 28 ਕਾਰਾਂ ਬਰਾਮਦ ਹੋ ਚੁੱਕੀਆਂ ਹਨ। ਪੁਲਿਸ ਨੇ ਦੱਸਿਆ ਕਿ ਲੰਘੇ ਦਿਨ ਹੋਟਲ ਦੀ ਪਾਰਕਿੰਗ ’ਚ ਲੱਗੀ ਹੋਈ ਮਹਿੰਗੀ ਕਾਰ ਚੋਰੀ ਕਰਕੇ ਲਿਜਾਣ ਦਾ ਯਤਨ ਕਰ ਰਹੇ ਦੋ ਵਿਅਕਤੀਆਂ ਬਾਰੇ ਸੂਚਨਾ ਮਿਲਣ ਤੇ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਦੋਹਾਂ ਨੇ ਭੱਜਣ ਦਾ ਯਤਨ ਕੀਤਾ, ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਹਾਲਟਨ ਪੁਲਿਸ ਨੇ ਦੱਸਿਆ ਕਿ ਇਹ ਕਾਰਵਾਈ ਇਸ ਸਾਲ ਸ਼ੁਰੂ ਕੀਤੇ ਗਏ ‘ਪ੍ਰੋਜੈਕਟ ਡਿਸਕਨੈਕਟ’ ਤਹਿਤ ਕੀਤੀ ਗਈ ਹੈ। ਇਸ ਵਿਸ਼ੇਸ਼ ਮੁਹਿੰਮ ਦਾ ਮਕਸਦ ਵਾਹਨ ਚੋਰੀ ਦੇ ਮਾਮਲਿਆਂ ਨੂੰ ਰੋਕਣਾ ਅਤੇ ਚੋਰੀ ਹੋਏ ਵਾਹਨਾਂ ਦੀ ਬਰਾਮਦਗੀ ਕਰਨਾ ਹੈ। ਪੁਲੀਸ ਮੁਤਾਬਕ ਇਸ ਪ੍ਰੋਜੈਕਟ ਤਹਿਤ ਹੁਣ ਤੱਕ 28 ਚੋਰੀ ਹੋਈਆਂ ਕਾਰਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੋਬਨਪ੍ਰੀਤ ਸਿੰਘ (21) ਅਤੇ ਆਤਿਸ਼ ਸਿੰਘ (26) ਚੋਰੀ ਦੀ ਕਾਰ ’ਤੇ ਸਵਾਰ ਹੋ ਕੇ ਚੋਰੀ ਕਰਨ ਆਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਵਿਦਿਆਰਥੀ ਮਿਆਦ ਪੁੱਗੇ ਸਟੂਡੈਂਟ ਵੀਜ਼ਿਆਂ ’ਤੇ ਕੈਨੇਡਾ ਵਿੱਚ ਰਹਿ ਰਹੇ ਸਨ। ਇਸ ਕਾਰਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਪਹਿਲਾਂ ਹੀ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤੇ ਜਾ ਚੁੱਕੇ ਸਨ।
ਪੁਲਿਸ ਨੇ ਦੋਹਾਂ ਖ਼ਿਲਾਫ਼ ਵਾਹਨ ਚੋਰੀ ਅਤੇ ਚੋਰੀ ਦੀ ਕੋਸ਼ਿਸ਼ ਨਾਲ ਸਬੰਧਿਤ ਪੰਜ ਅਪਰਾਧਿਕ ਦੋਸ਼ ਦਰਜ ਕੀਤੇ ਹਨ। ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਨੂੰ ਜਲਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

