ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ, ਇੰਡੀਗੋ ਨੇ ਇੱਕ ਮਸ਼ਹੂਰ ਅੰਤਰਰਾਸ਼ਟਰੀ ਰੂਟ ਕੀਤਾ ਬੰਦ

Global Team
3 Min Read

ਨਵੀ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਯਾਤਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਇੰਡੀਗੋ ਨੇ ਬ੍ਰਿਟੇਨ ਦੇ ਮੈਨਚੈਸਟਰ ਲਈ ਆਪਣੀਆਂ ਉਡਾਣ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦਾ ਫੈਸਲਾ ਕੀਤਾ ਹੈ। ਏਅਰਲਾਈਨ ਨੇ 31 ਅਗਸਤ 2026 ਤੋਂ ਮੈਨਚੈਸਟਰ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਅਸਥਾਈ ਰੂਪ ਵਿੱਚ ਬੰਦ ਕਰਨ ਦੀ ਗੱਲ ਕਹੀ ਹੈ।

ਮੌਜੂਦਾ ਸਮੇਂ ਵਿੱਚ ਇੰਡੀਗੋ ਦਿੱਲੀ ਅਤੇ ਮੁੰਬਈ ਤੋਂ ਮੈਨਚੈਸਟਰ ਲਈ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ। ਏਅਰਲਾਈਨ ਨੇ ਇਹ ਵੀ ਦੱਸਿਆ ਕਿ ਮੈਨਚੈਸਟਰ ਸੇਵਾ ਬੰਦ ਹੋਣ ਤੋਂ ਬਾਅਦ ਉਹ ਨੋਰਸ ਐਟਲਾਂਟਿਕ ਏਅਰਵੇਜ਼ ਤੋਂ ਲੀਜ਼ ‘ਤੇ ਲਿਆ ਹੋਇਆ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ਵੀ ਵਾਪਸ ਕਰੇਗੀ।

ਇੰਡੀਗੋ ਦੇ ਅਨੁਸਾਰ, ਅੰਤਰਰਾਸ਼ਟਰੀ ਹਵਾਈ ਮਾਰਗਾਂ ‘ਤੇ ਜਾਰੀ ਪਾਬੰਦੀਆਂ, ਉਡਾਣ ਦੇ ਸਮੇਂ ਵਿੱਚ ਵਾਧੇ ਅਤੇ ਲਗਾਤਾਰ ਵਧ ਰਹੀ ਸੰਚਾਲਨ ਲਾਗਤ ਦੇ ਕਾਰਨ ਉਡਾਣ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਏਅਰਲਾਈਨ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਇਸ ਰੂਟ ਦਾ ਸੰਚਾਲਨ ਆਰਥਿਕ ਤੌਰ ‘ਤੇ ਚੁਣੌਤੀਪੂਰਨ ਹੋ ਗਿਆ ਹੈ।

ਮੈਨਚੈਸਟਰ ਰੂਟ ‘ਤੇ ਉਡਾਣਾਂ ਲਈ ਇੰਡੀਗੋ ਨੇ 2025 ਵਿੱਚ ਨੋਰਸ ਐਟਲਾਂਟਿਕ ਏਅਰਵੇਜ਼ ਤੋਂ ਛੇ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ ਲੀਜ਼ ‘ਤੇ ਲਏ ਸਨ। ਇਹਨਾਂ ਜਹਾਜ਼ਾਂ ਰਾਹੀਂ ਏਅਰਲਾਈਨ ਯੂਰਪੀਅਨ ਬਾਜ਼ਾਰ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਸੀ। ਹਾਲਾਂਕਿ, ਹੁਣ ਏਅਰਲਾਈਨ ਇਹਨਾਂ ਵਿੱਚੋਂ ਇੱਕ ਜਹਾਜ਼ ਨੋਰਸ ਐਟਲਾਂਟਿਕ ਏਅਰਵੇਜ਼ ਨੂੰ ਵਾਪਸ ਕਰੇਗੀ।

ਇੰਡੀਗੋ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਨੈੱਟਵਰਕ ਪਲੈਨਿੰਗ ਐਂਡ ਰੈਵੇਨਿਊ ਮੈਨੇਜਮੈਂਟ) ਅਭਿਜੀਤ ਦਾਸਗੁਪਤਾ ਨੇ ਕਿਹਾ ਕਿ ਮੈਨਚੈਸਟਰ ਰੂਟ ‘ਤੇ ਮੁਸਾਫਰਾਂ ਦਾ ਚੰਗਾ ਹੁੰਗਾਰਾ ਮਿਲਿਆ ਸੀ ਅਤੇ ਮੰਗ ਵੀ ਉਤਸ਼ਾਹਜਨਕ ਰਹੀ। ਪਰ ਏਅਰਸਪੇਸ ਪਾਬੰਦੀਆਂ ਕਾਰਨ ਉਡਾਣਾਂ ਦਾ ਸਮਾਂ ਕਾਫ਼ੀ ਵੱਧ ਗਿਆ, ਜਿਸ ਨਾਲ ਸੰਚਾਲਨ ਲਾਗਤ ਵਿੱਚ ਭਾਰੀ ਵਾਧਾ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਮੱਧ ਪੂਰਬ ਵਿੱਚ ਜਾਰੀ ਭੂ-ਰਾਜਨੀਤਿਕ ਤਣਾਅ, ਐਵੀਏਸ਼ਨ ਟਰਬਾਈਨ ਫਿਊਲ ਦੀਆਂ ਵਧਦੀਆਂ ਕੀਮਤਾਂ, ਵਿਦੇਸ਼ੀ ਮੁਦਰਾ ਵਟਾਂਦਰਾ ਦਰਾਂ ਵਿੱਚ ਉਤਾਰ-ਚੜ੍ਹਾਅ ਅਤੇ ਏਅਰਸਪੇਸ ਨਾਲ ਸਬੰਧਤ ਚੁਣੌਤੀਆਂ ਨੇ ਇਸ ਰੂਟ ਨੂੰ ਪ੍ਰਭਾਵਿਤ ਕੀਤਾ ਹੈ। ਇਸੇ ਕਰਕੇ ਫਿਲਹਾਲ ਸੇਵਾਵਾਂ ਨੂੰ ਰੋਕਣ ਦਾ ਫੈਸਲਾ ਲਿਆ ਗਿਆ ਹੈ। ਏਅਰਲਾਈਨ ਨੇ ਸਾਫ਼ ਕੀਤਾ ਹੈ ਕਿ ਮੈਨਚੈਸਟਰ ਸੇਵਾ ਬੰਦ ਕਰਨਾ ਕੋਈ ਪੱਕਾ ਫੈਸਲਾ ਨਹੀਂ ਹੈ। ਇੰਡੀਗੋ ਭਵਿੱਖ ਵਿੱਚ ਅਨੁਕੂਲ ਹਾਲਾਤ ਬਣਨ ‘ਤੇ ਇਸ ਰੂਟ ‘ਤੇ ਦੁਬਾਰਾ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਰੱਖਦੀ ਹੈ।

 

 

Share This Article
Leave a Comment