ਮਸ਼ਹੂਰ ਅਤੇ ਦਿੱਗਜ ਗਾਇਕਾ ਸੁਮਨ ਕਲਿਆਣਪੁਰ ਨੇ 89 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ

Global Team
2 Min Read

ਮੁੰਬਈ: ਸੰਗੀਤ ਪ੍ਰੇਮੀਆਂ ਅਤੇ ਭਾਰਤੀ ਸਿਨੇਮਾ ਲਈ ਅੱਜ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਤੇ ਦਿੱਗਜ ਗਾਇਕਾ ਸੁਮਨ ਕਲਿਆਣਪੁਰ ਦਾ ਐਤਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ 89 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ।

 ਉਨ੍ਹਾਂ ਦੀ ਮਧੁਰ ਆਵਾਜ਼ ਨੇ ਕਈ ਪੀੜ੍ਹੀਆਂ ਦੇ ਦਿਲਾਂ ਨੂੰ ਛੂਹਿਆ ਸੀ। ਅੱਜ ਉਨ੍ਹਾਂ ਦੇ ਤੁਰ ਜਾਣ ਨਾਲ ਪੂਰੀ ਫ਼ਿਲਮ ਇੰਡਸਟਰੀ ਅਤੇ ਦੁਨੀਆ ਭਰ ਵਿੱਚ ਫੈਲੇ ਲੱਖਾਂ ਪ੍ਰਸ਼ੰਸਕ ਸੋਗ ਵਿੱਚ ਡੁੱਬੇ ਹੋਏ ਹਨ।

ਸੁਮਨ ਕਲਿਆਣਪੁਰ ਪਿਛਲੇ ਕੁਝ ਸਾਲਾਂ ਤੋਂ ਵਧਦੀ ਉਮਰ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਕਰੀਬੀ ਦੋਸਤ ਮੰਗਲਾ ਖਾਡਿਲਕਰ ਅਨੁਸਾਰ, ਸੁਮਨ ਜੀ ਨੇ ਐਤਵਾਰ ਰਾਤ ਕਰੀਬ 8 ਵਜੇ ਬੜੇ ਹੀ ਸ਼ਾਂਤ ਤਰੀਕੇ ਨਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਬੇਹੱਦ ਭਾਵੁਕ ਕਰਨ ਵਾਲੀ ਗੱਲ ਇਹ ਰਹੀ ਕਿ ਆਪਣੇ ਅੰਤਿਮ ਸਮੇਂ ਦੌਰਾਨ ਉਹ ਖ਼ੁਦ ਦੇ ਹੀ ਗਾਏ ਹੋਏ ਸਦਾਬਹਾਰ ਸੁਰੀਲੇ ਗੀਤ ਸੁਣ ਰਹੇ ਸਨ। ਉਹ ਆਪਣੇ ਪਿੱਛੇ ਪਰਿਵਾਰ ਵਿੱਚ ਬੇਟੀ ਚਾਰੂ ਨੂੰ ਛੱਡ ਗਏ ਹਨ।

ਉਨ੍ਹਾਂ ਦਾ ਜਨਮ 28 ਜਨਵਰੀ 1937 ਨੂੰ ਅਣਵੰਡੇ ਭਾਰਤ (ਹੁਣ ਬੰਗਲਾਦੇਸ਼) ਦੇ ਭਵਾਨੀਪੁਰ ਵਿੱਚ ਹੋਇਆ ਸੀ। ਉਨ੍ਹਾਂ ਦੀ ਸੁਰੀਲੀ ਆਵਾਜ਼ ਹਮੇਸ਼ਾ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਜ਼ਿੰਦਾ ਰਹੇਗੀ। ਦੱਸ ਦੇਈਏ ਕਿ ਸੁਮਨ ਕਲਿਆਣਪੁਰ ਨੇ ਆਪਣੇ ਲੰਬੇ ਕਰੀਅਰ ਵਿੱਚ 800 ਤੋਂ ਵੱਧ ਫਿਲਮੀ ਗੀਤ ਗਾਏ। ਉਨ੍ਹਾਂ ਨੇ ਸਿਰਫ਼ ਹਿੰਦੀ ਹੀ ਨਹੀਂ, ਬਲਕਿ ਪੰਜਾਬੀ, ਮਰਾਠੀ, ਅਸਾਮੀ, ਗੁਜਰਾਤੀ, ਕੰਨੜ, ਭੋਜਪੁਰੀ ਅਤੇ ਬੰਗਾਲੀ ਸਮੇਤ ਕਈ ਭਾਸ਼ਾਵਾਂ ਵਿੱਚ ਗੀਤ ਰਿਕਾਰਡ ਕੀਤੇ। ਉਨ੍ਹਾਂ ਦੇ ਸਭ ਤੋਂ ਯਾਦਗਾਰੀ ਗੀਤਾਂ ਵਿੱਚ ‘ਨਾ ਨਾ ਕਰਤੇ ਪਿਆਰ ਤੁਮਹੀਂ ਸੇ’ (ਜਬ ਜਬ ਫੂਲ ਖਿਲੇ), ‘ਅੱਜਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ’ (ਬ੍ਰਹਮਚਾਰੀ) ਅਤੇ ‘ਬਹਿਨਾ ਨੇ ਭਾਈ ਕੀ ਕਲਾਈ’ (ਰੇਸ਼ਮ ਕੀ ਡੋਰੀ) ਵਰਗੇ ਸੁਪਰਹਿੱਟ ਗੀਤ ਸ਼ਾਮਲ ਹਨ।

Share This Article
Leave a Comment