ਧਰਮ ਅਤੇ ਰਾਸ਼ਟਰ ਦੀ ਰੱਖਿਆ ਲਈ ਸਿੱਖ ਸਮਾਜ ਦੀਆਂ ਕੁਰਬਾਨੀਆਂ ‘ਤੇ ਪੂਰੇ ਦੇਸ਼ ਨੂੰ ਹੈ ਮਾਣ: ਮੁੱਖ ਮੰਤਰੀ ਨਾਇਬ ਸੈਣੀ

Global Team
3 Min Read

ਚੰਡੀਗੜ੍ਹ: ਹਰਿਆਣਾ ਨਿਵਾਸ ਵਿਖੇ ਸਿੱਖ ਸੰਗਤ ਵੱਲੋਂ ਕਰਵਾਏ ਗਏ ਧੰਨਵਾਦ ਸਮਾਗਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਿੱਖ ਕੌਮ ਨੇ ਧਰਮ ਅਤੇ ਰਾਸ਼ਟਰ ਦੀ ਰੱਖਿਆ ਲਈ ਅਸਾਧਾਰਣ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸੱਚ ਅਤੇ ਧਰਮ ਲਈ ਆਪਣੇ ਸਿਰ ਤੱਕ ਕੁਰਬਾਨ ਕਰ ਦਿੱਤੇ, ਪਰ ਕਦੇ ਵੀ ਜ਼ੁਲਮ ਅੱਗੇ ਝੁਕੇ ਨਹੀਂ। ਇਸ ਮਹਾਨ ਵਿਰਾਸਤ ਅਤੇ ਬਹਾਦਰੀ ‘ਤੇ ਪੂਰੇ ਦੇਸ਼ ਨੂੰ ਮਾਣ ਹੈ।

ਸਮਾਗਮ ਦੌਰਾਨ ਸਿੱਖ ਸੰਗਤ ਨੇ ਮੁੱਖ ਮੰਤਰੀ ਨੂੰ ਕਿਰਪਾਨ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਨਾਇਬ ਸੈਣੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨਾਂ ਨੇ ਸੇਵਾ, ਬਰਾਬਰੀ ਅਤੇ ਹਿੰਮਤ ਦਾ ਰਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਭਾਰਤ ਦੇ ਇਤਿਹਾਸ ਦਾ ਅਹਿਮ ਹਿੱਸਾ ਹਨ।

ਸਿੱਖ ਵਿਰਾਸਤ ਨੂੰ ਸੰਭਾਲਣ ਲਈ ਹੋ ਰਹੇ ਇਤਿਹਾਸਕ ਉਪਰਾਲੇ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤਾਂ ਦੀ ਸੰਭਾਲ ਲਈ ਮਹੱਤਵਪੂਰਨ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਵਦੇਸ਼ ਦਰਸ਼ਨ ਯੋਜਨਾ ਤਹਿਤ ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ, ਅੰਮ੍ਰਿਤਸਰ ਅਤੇ ਹੋਰ ਇਤਿਹਾਸਕ ਸਥਾਨਾਂ ਨੂੰ ਜੋੜਦੇ ਵਿਰਾਸਤੀ ਸਰਕਟ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਅਤੇ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਤੱਕ ਵਿਸ਼ੇਸ਼ ਹਵਾਈ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਜਾਂਦਾ ਹੈ।

ਹਰਿਆਣਾ ਵਿੱਚ ਗੁਰੂਆਂ ਦੇ ਨਾਮ ‘ਤੇ ਵਿਕਾਸ ਕਾਰਜ

ਨਾਇਬ ਸੈਣੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਯਮੁਨਾਨਗਰ ਦੇ ਮੈਡੀਕਲ ਕਾਲਜ ਅਤੇ ਅੰਬਾਲਾ ਦੇ ਸਰਕਾਰੀ ਪੌਲੀਟੈਕਨਿਕ ਕਾਲਜ ਦਾ ਨਾਮ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਟੋਹਾਨਾ-ਜੀਂਦ-ਧਮਤਾਨ ਸਾਹਿਬ ਸੜਕ ਦਾ ਨਾਮ ਵੀ ਗੁਰੂ ਤੇਗ ਬਹਾਦਰ ਮਾਰਗ ਰੱਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਸਵਰਨ ਜਯੰਤੀ ਗੁਰੂ ਦਰਸ਼ਨ ਯਾਤਰਾ ਯੋਜਨਾ ਤਹਿਤ ਹਜ਼ੂਰ ਸਾਹਿਬ, ਨਨਕਾਣਾ ਸਾਹਿਬ, ਹੇਮਕੁੰਟ ਸਾਹਿਬ ਅਤੇ ਪਟਨਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸੇ ਤਹਿਤ ਕੁਰੂਕਸ਼ੇਤਰ ਅਤੇ ਸਿਰਸਾ ਤੋਂ ਹਜ਼ੂਰ ਸਾਹਿਬ ਨਾਂਦੇੜ ਲਈ ਵਿਸ਼ੇਸ਼ ਰੇਲ ਗੱਡੀਆਂ ਵੀ ਚਲਾਈਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਤੇ ਆਦਰਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰਦੀ ਰਹੇਗੀ।

Share This Article
Leave a Comment