ਅਮਰੀਕਾ ‘ਚ ਕਰਨਾਲ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ; ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ!

Global Team
3 Min Read

ਕੈਲੀਫੋਰਨੀਆ: ਅਮਰੀਕਾ ਵਿੱਚ ਕਰਨਾਲ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਨੌਜਵਾਨ ਟਰੱਕ ਡਰਾਈਵਰ ਸੀ। ਘਟਨਾ ਦੀ ਸੂਚਨਾ ਜਿਵੇਂ ਹੀ ਪਰਿਵਾਰ ਤੱਕ ਪਹੁੰਚੀ, ਘਰ ਵਿੱਚ ਮਾਤਮ ਛਾ ਗਿਆ। ਮ੍ਰਿਤਕ ਨੌਜਵਾਨ ਗੌਰਵ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਅਤੇ ਉਨ੍ਹਾਂ ਦੇ ਬੁਢਾਪੇ ਦਾ ਇੱਕਮਾਤਰ ਸਹਾਰਾ ਸੀ। ਪਰਿਵਾਰਕ ਮੈਂਬਰ ਹੁਣ ਲਾਸ਼ ਨੂੰ ਭਾਰਤ ਲਿਆਉਣ ਲਈ ਸਰਕਾਰ ਕੋਲੋਂ ਮਦਦ ਮੰਗ ਰਹੇ ਹਨ ਅਤੇ ਇਸ ਦੇ ਲਈ ਫੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ।

ਪਿੰਡ ਬਾਲਰਾਗੜਾਨ ਦੇ ਰਹਿਣ ਵਾਲੇ ਗੌਰਵ ਕੁਮਾਰ (24) ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਲਈ ਕਰੀਬ 2 ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਸ ਨੂੰ ਵਿਦੇਸ਼ ਭੇਜਣ ਲਈ ਉਸ ਦੇ ਪਿਤਾ ਰਾਮਫਲ ਨੇ ਜ਼ਮੀਨ ਤੱਕ ਵੇਚ ਦਿੱਤੀ ਸੀ ਅਤੇ ਕਰਜ਼ਾ ਵੀ ਲਿਆ ਸੀ। ਪਰਿਵਾਰ ਨੇ ਕਰੀਬ 50 ਲੱਖ ਰੁਪਏ ਲਗਾ ਕੇ ਗੌਰਵ ਨੂੰ ਵਿਦੇਸ਼ ਭੇਜਿਆ ਸੀ

ਗੌਰਵ ਦੇ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੋ ਸਾਲ ਪਹਿਲਾਂ 12ਵੀਂ ਦੀ ਪ੍ਰੀਖਿਆ ਦੇਣ ਤੋਂ ਬਾਅਦ ਡੌਂਕੀ ਰੂਟ ਰਾਹੀਂ ਅਮਰੀਕਾ ਗਿਆ ਸੀ। ਅਮਰੀਕਾ ਪਹੁੰਚਣ ਤੋਂ ਬਾਅਦ ਗੌਰਵ ਨੇ ਸ਼ੁਰੂਆਤ ਵਿੱਚ ਕਰੀਬ ਛੇ ਮਹੀਨਿਆਂ ਤੱਕ ਟਰੱਕ ਚਲਾਇਆ ਸੀ। ਬਾਅਦ ਵਿੱਚ ਉਹ ਇੱਕ ਸਟੋਰ ‘ਤੇ ਕੰਮ ਕਰਨ ਲੱਗ ਪਿਆ, ਪਰ ਉੱਥੇ ਆਮਦਨ ਘੱਟ ਹੋਣ ਕਾਰਨ ਉਸ ਨੇ ਦੁਬਾਰਾ ਟਰੱਕ ਚਲਾਉਣ ਦਾ ਫ਼ੈਸਲਾ ਕੀਤਾ।ਅਤੇ ਦੋ ਦਿਨ ਪਹਿਲਾਂ ਹੀ ਉਸ ਨੇ ਟਰੱਕ ਚਲਾਉਣਾ ਸ਼ੁਰੂ ਕੀਤਾ ਸੀ।

ਪਿਤਾ ਨੇ ਭਾਵੁਕ ਹੁੰਦੇ ਹੋਏ ਦੱਸਿਆ ਕਿ ਸਵੇਰੇ 8 ਵਜੇ ਗੌਰਵ ਨਾਲ ਗੱਲਬਾਤ ਹੋਈ ਸੀ, ਜਿਸ ਵਿੱਚ ਉਸ ਨੇ ਘਰ ਦੇ ਹਾਲ-ਚਾਲ ਅਤੇ ਨਵੇਂ ਮਕਾਨ ਦੀ ਉਸਾਰੀ ਬਾਰੇ ਚਰਚਾ ਕੀਤੀ ਸੀ। ਪਰਿਵਾਰ ਫਿਲਹਾਲ ਭਰਾ ਦੇ ਮਕਾਨ ਵਿੱਚ ਰਹਿ ਰਿਹਾ ਹੈ ਅਤੇ ਆਪਣਾ ਮਕਾਨ ਬਣਾ ਰਿਹਾ ਹੈ। ਉਸੇ ਦਿਨ ਸ਼ਾਮ ਸਾਢੇ ਚਾਰ ਵਜੇ ਅਮਰੀਕਾ ਦੀ ਪੁਲਿਸ ਦਾ ਫ਼ੋਨ ਆਇਆ, ਜਿਸ ਨੇ ਗੱਲ ਕਰਕੇ ਗੌਰਵ ਦੀ ਮੌਤ ਦੀ ਦੁਖਦਾਈ ਖ਼ਬਰ ਦਿੱਤੀ।

ਗੌਰਵ ਦੀ ਮ੍ਰਿਤਕ ਦੇਹ ਅਜੇ ਅਮਰੀਕਾ ਵਿੱਚ ਹੀ ਹੈ। ਪਰਿਵਾਰ ਉਸ ਨੂੰ ਭਾਰਤ ਲਿਆ ਕੇ ਅੰਤਿਮ ਸੰਸਕਾਰ ਕਰਨਾ ਚਾਹੁੰਦਾ ਹੈ, ਤਾਂ ਜੋ ਉਸ ਨੂੰ ਆਪਣੇ ਪਿੰਡ ਦੀ ਮਿੱਟੀ ਨਸੀਬ ਹੋ ਸਕੇ। ਇਸ ਦੇ ਲਈ ਆਨਲਾਈਨ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਕੋਲੋਂ ਵੀ ਆਰਥਿਕ ਮਦਦ ਦੀ ਗੁਹਾਰ ਲਗਾਈ ਗਈ ਹੈ।

Share This Article
Leave a Comment