ਕਰਨਾਟਕ ਦੇ ਰਾਜਪਾਲ ਵੱਲੋਂ ਮੁੱਖ ਮੰਤਰੀ ਸਿੱਧਰਮਈਆ ਦਾ ਅਸਤੀਫ਼ਾ ਮਨਜ਼ੂਰ, ਸੂਬੇ ਵਿੱਚ ਨਵੀਂ ਸਰਕਾਰ ਦੇ ਗਠਨ ਦੀ ਕਵਾਇਦ ਤੇਜ਼!

Global Team
2 Min Read

ਨਵੀ ਦਿੱਲੀ : ਕਰਨਾਟਕ ਦੀ ਸਿਆਸਤ ਵਿੱਚ ਲੰਬੇ ਸਮੇਂ ਤੋਂ ਚੱਲ ਰਹੀਆਂ ਅਟਕਲਾਂ ‘ਤੇ ਆਖਰਕਾਰ ਵਿਰਾਮ ਲੱਗ ਗਿਆ ਹੈ। ਮੁੱਖ ਮੰਤਰੀ ਸਿੱਧਾਰਮਈਆ ਦਾ ਅਸਤੀਫਾ ਰਾਜਪਾਲ ਥਾਵਰਚੰਦ ਗਹਿਲੋਤ ਨੇ ਸਵੀਕਾਰ ਕਰ ਲਿਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਸੱਤਾ ਪਰਿਵਰਤਨ ਦਾ ਰਾਹ ਸਾਫ਼ ਹੋ ਗਿਆ ਹੈ ਅਤੇ ਹੁਣ ਕਾਂਗਰਸ ਆਗੂ ਡੀ.ਕੇ. ਸ਼ਿਵਕੁਮਾਰ ਦੇ ਅਗਲੇ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਕਾਫ਼ੀ ਮਜ਼ਬੂਤ ਮੰਨੀ ਜਾ ਰਹੀ ਹੈ।

ਸਿੱਧਾਰਮਈਆ ਨੇ ਵੀਰਵਾਰ ਨੂੰ ਆਪਣਾ ਅਸਤੀਫ਼ਾ ਰਾਜਪਾਲ ਦਫ਼ਤਰ ਨੂੰ ਸੌਂਪਿਆ ਸੀ। ਹਾਲਾਂਕਿ ਉਸ ਸਮੇਂ ਰਾਜਪਾਲ ਥਾਵਰਚੰਦ ਗਹਿਲੋਤ ਬੰਗਲੁਰੂ ਤੋਂ ਬਾਹਰ ਸਨ, ਜਿਸ ਕਾਰਨ ਅਸਤੀਫ਼ੇ ਨੂੰ ਰਸਮੀ ਮਨਜ਼ੂਰੀ ਬਾਅਦ ਵਿੱਚ ਦਿੱਤੀ ਗਈ। ਹੁਣ ਰਾਜਭਵਨ ਵੱਲੋਂ ਇਸਨੂੰ ਪ੍ਰਵਾਨ ਕੀਤੇ ਜਾਣ ਤੋਂ ਬਾਅਦ ਸਿਆਸੀ ਹਲਚਲ ਹੋਰ ਤੇਜ਼ ਹੋ ਗਈ ਹੈ। ਸੂਤਰਾਂ ਮੁਤਾਬਕ 1 ਜੂਨ ਜਾਂ 3 ਜੂਨ ਨੂੰ ਡੀ.ਕੇ. ਸ਼ਿਵਕੁਮਾਰ ਦਾ ਸਹੁੰ ਚੁੱਕ ਸਮਾਗਮ ਹੋਵੇਗਾ।

ਦੱਸ ਦੇਈਏ ਕਿ ਕਰਨਾਟਕ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਹਾਲਾਂਕਿ ਇਸ ਵਿਵਾਦ ਨੂੰ ਖ਼ਤਮ ਕਰਨ ਲਈ ਕਾਂਗਰਸ ਪਾਰਟੀ ਨੇ ਦਿੱਲੀ ਵਿੱਚ ਇੱਕ ਵੱਡੀ ਬੈਠਕ ਬੁਲਾਈ। ਇਸ ਬੈਠਕ ਵਿੱਚ ਸਿੱਧਾਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਦੋਵੇਂ ਆਗੂ ਪਹੁੰਚੇ।

ਬੈਠਕ ਵਿੱਚ ਇਹ ਕਿਹਾ ਗਿਆ ਕਿ ਰਾਹੁਲ ਗਾਂਧੀ ਜੋ ਫ਼ੈਸਲਾ ਲੈਣਗੇ, ਉਹੀ ਮਨਜ਼ੂਰ ਹੋਵੇਗਾ। ਇਸ ਤੋਂ ਬਾਅਦ ਆਖਰਕਾਰ ਸਿੱਧਾਰਮਈਆ ਨੂੰ ਆਪਣਾ ਅਸਤੀਫ਼ਾ ਦੇਣਾ ਪਿਆ। ਉੱਥੇ ਹੀ ਹੁਣ ਡੀ.ਕੇ. ਸ਼ਿਵਕੁਮਾਰ ਅਗਲੇ ਹਫ਼ਤੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕਣਗੇ। ਅਸਤੀਫ਼ਾ ਦੇਣ ਤੋਂ ਬਾਅਦ ਸਿੱਧਾਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਦਿੱਲੀ ਪਹੁੰਚ ਗਏ ਹਨ। ਦੋਵੇਂ ਅੱਜ ਰਾਹੁਲ ਗਾਂਧੀ ਅਤੇ ਮਲਿਕਾਅਰਜੁਨ ਖੜਗੇ ਨਾਲ ਨਵੀਂ ਕੈਬਨਿਟ ਦੇ ਮੰਤਰੀਆਂ ਦੇ ਨਾਵਾਂ ‘ਤੇ ਚਰਚਾ ਕਰਨਗੇ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment