ਨਿਊਜ਼ ਡੈਸਕ: ਬੰਗਲਾਦੇਸ਼ ਵਿੱਚ ‘ਡੋਨਾਲਡ ਟਰੰਪ’ ਨਾਮ ਨਾਲ ਮਸ਼ਹੂਰ ਹੋਏ ਇੱਕ ਚਿੱਟੇ ਝੋਟੇ ਦੀ ਈਦ-ਉਲ-ਅਜ਼ਹਾ ਮੌਕੇ ਹੋਣ ਵਾਲੀ ਕੁਰਬਾਨੀ ‘ਤੇ ਸਰਕਾਰ ਨੇ ਰੋਕ ਲਾ ਦਿੱਤੀ ਹੈ। ਇਹ ਝੋਟਾ ਲਗਭਗ 3 ਲੱਖ ਰੁਪਏ ਵਿੱਚ ਵੇਚਿਆ ਗਿਆ ਸੀ। ਖਰੀਦਦਾਰ ਮੁਹੰਮਦ ਸ਼ੋਰੋਨ ਨੇ ਇਸਨੂੰ 23 ਮਈ ਨੂੰ ਕੁਰਬਾਨੀ ਲਈ ਖਰੀਦਿਆ ਸੀ।
ਇਹ ਝੋਟਾ ਪਹਿਲਾਂ ਢਾਕਾ ਨੇੜੇ ਨਾਰਾਇਣਗੰਜ ਦੇ ਰਬੇਆ ਐਗਰੋ ਫਾਰਮ ਵਿੱਚ ਰੱਖਿਆ ਗਿਆ ਸੀ। ਲਗਭਗ 700 ਕਿਲੋ ਭਾਰ ਵਾਲੇ ਇਸ ਝੋਟੇ ਦੀ ਕੀਮਤ 550 ਟਕਾ ਪ੍ਰਤੀ ਕਿਲੋ ਲਗਾਈ ਗਈ ਸੀ। ਪਰ ਜਿਵੇਂ ਹੀ ਇਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ, ਲੋਕ ਇਸਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਫਾਰਮ ‘ਤੇ ਪਹੁੰਚਣ ਲੱਗੇ।

ਸਰਕਾਰ ਨੇ ਕੁਰਬਾਨੀ ‘ਤੇ ਲਾਈ ਰੋਕ
ਝੋਟੇ ਦੀ ਵਧਦੀ ਲੋਕਪ੍ਰਿਯਤਾ ਤੋਂ ਬਾਅਦ ਬੰਗਲਾਦੇਸ਼ ਸਰਕਾਰ ਦਾ ਵੀ ਧਿਆਨ ਇਸ ਵੱਲ ਗਿਆ। ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਸ ਦੀ ਕੁਰਬਾਨੀ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ। ਨਾਲ ਹੀ ਇਹ ਵੀ ਕਿਹਾ ਗਿਆ ਕਿ ਜਿਸ ਵਿਅਕਤੀ ਨੇ ਇਸਨੂੰ ਖਰੀਦਿਆ ਸੀ, ਉਸਨੂੰ ਪੂਰੀ ਰਕਮ ਵਾਪਸ ਕੀਤੀ ਜਾਵੇਗੀ।
ਫਿਲਹਾਲ ਇਸ ਝੋਟੇ ਨੂੰ ਬੰਗਲਾਦੇਸ਼ ਨੈਸ਼ਨਲ ਜ਼ੂ ਵਿੱਚ ਰੱਖਿਆ ਗਿਆ ਹੈ। ਜ਼ੂ ਪ੍ਰਸ਼ਾਸਨ ਨੇ ਇਸ ਲਈ ਵੱਖਰਾ ਬਾੜਾ ਤਿਆਰ ਕੀਤਾ ਹੈ ਅਤੇ ਖਾਸ ਮੁਲਾਜ਼ਮ ਇਸ ਦੀ ਦੇਖਭਾਲ ਕਰ ਰਹੇ ਹਨ। ਜ਼ੂ ਦੇ ਅਧਿਕਾਰੀਆਂ ਮੁਤਾਬਕ ਇਸਨੂੰ ਦੋ ਹਫ਼ਤਿਆਂ ਲਈ ਨਿਗਰਾਨੀ ਅਤੇ ਕਵਾਰੰਟੀਨ ਵਿੱਚ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਲੋਕ ਇਸਨੂੰ ਵੇਖ ਸਕਣਗੇ।

ਕਿਉਂ ਪਿਆ ‘ਡੋਨਾਲਡ ਟਰੰਪ’ ਨਾਮ?
ਇਸ ਝੋਟੇ ਦੀ ਸਭ ਤੋਂ ਵੱਡੀ ਖਾਸੀਅਤ ਇਸਦੇ ਸਿਰ ‘ਤੇ ਮੌਜੂਦ ਸੁਨਹਿਰੀ ਵਾਲਾਂ ਦਾ ਗੁੱਛਾ ਹੈ, ਜੋ ਕਾਫ਼ੀ ਹੱਦ ਤੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੇਅਰਸਟਾਈਲ ਵਰਗਾ ਦਿਖਾਈ ਦਿੰਦਾ ਹੈ। ਇਸ ਕਾਰਨ ਲੋਕਾਂ ਨੇ ਮਜ਼ਾਕ-ਮਜ਼ਾਕ ਵਿੱਚ ਇਸਦਾ ਨਾਂ ‘ਡੋਨਾਲਡ ਟਰੰਪ’ ਰੱਖ ਦਿੱਤਾ।
ਬੰਗਲਾਦੇਸ਼ ਵਿੱਚ ਐਲਬਿਨੋ ਜਾਂ ਚਿੱਟੇ ਰੰਗ ਦੇ ਝੋਟੇ ਬਹੁਤ ਘੱਟ ਮਿਲਦੇ ਹਨ। ਐਸੇ ਜਾਨਵਰਾਂ ਦੇ ਸਰੀਰ ਵਿੱਚ ਮੇਲੇਨਿਨ ਪਿਗਮੈਂਟ ਘੱਟ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਦਾ ਰੰਗ ਚਿੱਟਾ ਜਾਂ ਹਲਕਾ ਗੁਲਾਬੀ ਦਿਖਾਈ ਦਿੰਦਾ ਹੈ। ਮਾਹਿਰਾਂ ਦੇ ਅਨੁਸਾਰ ਇਹ ਨਸਲ ਬਹੁਤ ਦੁਰਲੱਭ ਹੁੰਦੀ ਹੈ ਅਤੇ ਅਜਿਹੇ ਜਾਨਵਰਾਂ ਨੂੰ ਧੁੱਪ ਅਤੇ ਬਿਮਾਰੀਆਂ ਤੋਂ ਵੱਧ ਖਤਰਾ ਰਹਿੰਦਾ ਹੈ।

