ਹਿਮਾਚਲ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ! ਫੌਜ ਤੇ ਹਵਾਈ ਸੈਨਾ ਨੇ ਸੰਭਾਲਿਆ ਮੋਰਚਾ

Global Team
2 Min Read

ਕਸੌਲੀ: ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਕਸੌਲੀ ਦੇ ਮਨੋਨ ਪਿੰਡ ਦੇ ਖੇਤਰ ਵਿੱਚ ਅਚਾਨਕ ਜੰਗਲ ਵਿੱਚ ਅੱਗ ਭੜਕ ਗਈ। ਸ਼ਾਮ ਸੱਤ ਵਜੇ ਤੱਕ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਤੋਂ ਬਾਅਦ ਅੱਗ ਬੁਝਾਉਣ ਲਈ ਫ਼ੌਜ ਦਾ ਹੈਲੀਕਾਪਟਰ ਕਸੌਲੀ ਮੰਗਵਾਇਆ ਗਿਆ। ਸ਼ਾਮ ਹੁੰਦੇ-ਹੁੰਦੇ ਅੱਗ ਹੋਰ ਭੜਕ ਗਈ।

ਇਸ ਨਾਲ ਪੂਰੇ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ। ਅੱਗ ਹੇਠਲੇ ਜੰਗਲ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਫੈਲਦੀ ਹੋਈ ਅੱਪਰ ਮਾਲ ਰੋਡ ਖੇਤਰ ਤੱਕ ਪਹੁੰਚ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਜੰਗਲ ਦੇ ਇੱਕ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਆਲੇ-ਦੁਆਲੇ ਧੂੰਏਂ ਦਾ ਗੁਬਾਰ ਛਾ ਗਿਆ।

ਇਸ ਤੋਂ ਬਾਅਦ ਫ਼ੌਜ, ਹਵਾਈ ਫ਼ੌਜ ਅਤੇ ਕੈਂਟੋਨਮੈਂਟ ਬੋਰਡ ਦੀਆਂ ਫਾਇਰ ਬ੍ਰਿਗੇਡ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਕਰੀਬ 200 ਤੋਂ ਵੱਧ ਫ਼ੌਜੀ ਜਵਾਨਾਂ ਨੇ ਮੋਰਚਾ ਸੰਭਾਲਦਿਆਂ ਅੱਗ ‘ਤੇ ਕਾਬੂ ਪਾਉਣ ਦੀ ਮੁਹਿੰਮ ਸ਼ੁਰੂ ਕੀਤੀ। ਹਵਾਈ ਫ਼ੌਜ ਦੇ ਜਵਾਨ ਵੀ ਲਗਾਤਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੇ ਰਹੇ।

ਹਵਾਈ ਫ਼ੌਜ ਦਾ ਇੱਕ ਹੈਲੀਕਾਪਟਰ ਵੀ ਤਾਇਨਾਤ ਕੀਤਾ ਗਿਆ, ਜਿਸ ਨੇ ਚੰਡੀ ਮੰਦਰ ਤੋਂ ਪਾਣੀ ਭਰ ਕੇ ਚਾਰ ਵਾਰ ਏਅਰ ਡੰਪਿੰਗ ਕੀਤੀ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ‘ਤੇ ਕੁਝ ਕੰਟਰੋਲ ਜ਼ਰੂਰ ਹੋਇਆ, ਪਰ ਦੇਰ ਰਾਤ ਤੱਕ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਤੇਜ਼ ਹਵਾਵਾਂ ਅਤੇ ਸੁੱਕੀ ਘਾਹ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਗਈ, ਜਿਸ ਕਾਰਨ ਹਾਲਾਤ ਚੁਣੌਤੀਪੂਰਨ ਬਣੇ ਰਹੇ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਨੋਨ ਪਿੰਡ ਦੇ ਖੇਤਰ ਵਿੱਚ ਅਕਸਰ ਗਰਮੀਆਂ ਦੌਰਾਨ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਫ਼ੌਜ ਅਤੇ ਰਾਹਤ ਟੀਮਾਂ ਸਮੇਂ ਸਿਰ ਨਾ ਪਹੁੰਚਦੀਆਂ, ਤਾਂ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਸੀ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment