MBBS ਵਿਦਿਆਰਥੀ ਦਾ ਕਤਲ, ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਦੋਸਤ ਨੇ ਹੀ ਲਈ ਸੀ ਜਾਨ

Global Team
3 Min Read

ਪਟਿਆਲਾ: ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਐਮਬੀਬੀਐਸ ਵਿਦਿਆਰਥੀ ਕਮਲਦੀਪ ਦਾ ਉਸ ਦੇ ਦੋਸਤ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਵਿਦਿਆਰਥੀ ਤੋਂ ਅਕਸਰ ਪੈਸਿਆਂ ਦੀ ਮੰਗ ਕਰਦਾ ਸੀ। ਪੈਸੇ ਦੇਣ ਤੋਂ ਇਨਕਾਰ ਕਰਨ ਕਾਰਨ ਉਸ ਨੇ ਦੁਸ਼ਮਣੀ ਦੇ ਚੱਲਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ।

ਪੁਲਿਸ ਨੇ ਮੁਲਜ਼ਮ ਮੋਹਿਤ ਵਰਮਾ ਵਾਸੀ ਬਰੇਟਾ ਜ਼ਿਲ੍ਹਾ ਮਾਨਸਾ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਮ੍ਰਿਤਕ ਦੇ ਪਿਤਾ ਮਹਿੰਦਰਪਾਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ 24 ਸਾਲਾ ਪੁੱਤਰ ਕਮਲਦੀਪ ਸਰਕਾਰੀ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਚੌਥੇ ਸਾਲ ਦਾ ਵਿਦਿਆਰਥੀ ਸੀ। ਉਹ ਪਿਛਲੇ ਦੋ ਸਾਲਾਂ ਤੋਂ ਪਟਿਆਲਾ ਵਿੱਚ ਰਹਿ ਰਿਹਾ ਸੀ ਅਤੇ ਕਰੀਬ ਦੋ ਹਫ਼ਤੇ ਪਹਿਲਾਂ ਨਿਊ ਲਾਲ ਬਾਗ ਕਲੋਨੀ ਸਥਿਤ ਇੱਕ ਪੀਜੀ ਵਿੱਚ ਸ਼ਿਫਟ ਹੋ ਗਿਆ ਸੀ।

ਪਿਤਾ ਅਨੁਸਾਰ 17 ਮਈ ਦੀ ਰਾਤ ਨੂੰ ਕਮਲਦੀਪ ਨੇ ਫੋਨ ਕਰਕੇ ਦੱਸਿਆ ਸੀ ਕਿ ਉਸ ਦਾ ਦੋਸਤ ਮੋਹਿਤ ਵਰਮਾ ਉਸ ਕੋਲ ਆਇਆ ਹੈ ਅਤੇ ਰਾਤ ਉੱਥੇ ਹੀ ਰੁਕੇਗਾ। ਅਗਲੀ ਸਵੇਰ ਕਮਲਦੀਪ ਨੇ ਘਰ ਫੋਨ ਕਰਕੇ ਕਿਹਾ ਕਿ ਉਹ ਕਾਲਜ ਜਾਣ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਬਾਅਦ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਸ਼ਾਮ ਨੂੰ ਜਦੋਂ ਪਰਿਵਾਰ ਦੋਸ਼ੀ ਮੋਹਿਤ ਦੇ ਘਰ ਪਹੁੰਚਿਆ ਤਾਂ ਉਸ ਦੇ ਹੱਥ-ਪੈਰ ਪੱਟੀਆਂ ਨਾਲ ਬੰਨ੍ਹੇ ਹੋਏ ਸਨ। ਪੁੱਛਣ ‘ਤੇ ਉਸ ਨੇ ਮੋਟਰਸਾਈਕਲ ਸਵਾਰ ਨਾਲ ਲੜਾਈ ਦੀ ਕਹਾਣੀ ਦੱਸੀ। ਬਾਅਦ ‘ਚ ਜਦੋਂ ਪਰਿਵਾਰ ਪੀਜੀ ਪਹੁੰਚਿਆ ਤਾਂ ਕਮਰੇ ‘ਚ ਕਮਲਦੀਪ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਮਿਲੀ। ਉਸ ਦੀ ਗਰਦਨ ਅਤੇ ਸਰੀਰ ‘ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਸਨ।

ਪੁਲਿਸ ਮੁਤਾਬਿਕ ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮ ਮੋਹਿਤ ਨੂੰ ਪੀਜੀ ਤੋਂ ਬਾਹਰ ਆਉਂਦਾ ਦੇਖਿਆ ਗਿਆ ਹੈ। ਪਿਤਾ ਨੇ ਦੋਸ਼ ਲਾਇਆ ਕਿ ਮੋਹਿਤ ਉਸ ਦੇ ਲੜਕੇ ਤੋਂ ਲਗਾਤਾਰ ਪੈਸੇ ਮੰਗਦਾ ਸੀ ਅਤੇ ਇਸੇ ਰੰਜਿਸ਼ ਦੇ ਚੱਲਦਿਆਂ ਉਸ ਨੇ ਇਸ ਕਤਲ ਨੂੰ ਅੰਜਾਮ ਦਿੱਤਾ। ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment