ਇਟਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦੇਸ਼ਾਂ ਦੇ ਦੌਰੇ ਦੇ ਆਖ਼ਰੀ ਪੜਾਅ ਦੌਰਾਨ ਇਟਲੀ ਪਹੁੰਚ ਗਏ ਹਨ। ਅੱਜ ਪੀ.ਐਮ. ਮੋਦੀ ਅਤੇ ਇਟਲੀ ਦੀ ਪੀ.ਐਮ. ਜਾਰਜੀਆ ਮੇਲੋਨੀ ਵਿਚਾਲੇ ਦੁਵੱਲੀ ਗੱਲਬਾਤ ਹੋਵੇਗੀ। ਦੋਵੇਂ ਆਗੂ ਵਪਾਰ, ਨਿਵੇਸ਼, ਐਡਵਾਂਸ ਤਕਨੀਕ ਅਤੇ ਗਲੋਬਲ ਮੁੱਦਿਆਂ ‘ਤੇ ਗੱਲਬਾਤ ਕਰਨਗੇ।
ਇਟਲੀ ਪਹੁੰਚਣ ‘ਤੇ ਪੀ.ਐਮ. ਮੋਦੀ ਨੇ ਵੀ ਟਵੀਟ ਕੀਤਾ ਅਤੇ ਕਿਹਾ- “ਮੈਂ ਇਟਲੀ ਦੇ ਰੋਮ ਸ਼ਹਿਰ ਵਿੱਚ ਉਤਰ ਚੁੱਕਾ ਹਾਂ। ਮੈਂ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਅਤੇ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਨਾਲ ਮੁਲਾਕਾਤ ਕਰਾਂਗਾ ਅਤੇ ਉਨ੍ਹਾਂ ਨਾਲ ਚਰਚਾ ਕਰਾਂਗਾ। ਇਸ ਯਾਤਰਾ ਦਾ ਮੁੱਖ ਉਦੇਸ਼ ਭਾਰਤ-ਇਟਲੀ ਸਹਿਯੋਗ ਨੂੰ ਹੁਲਾਰਾ ਦੇਣਾ ਹੈ, ਵਿਸ਼ੇਸ਼ ਤੌਰ ‘ਤੇ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਲਾਂਘੇ (IMEC) ‘ਤੇ ਧਿਆਨ ਕੇਂਦਰਿਤ ਕਰਨਾ। ਇਸ ਦੇ ਨਾਲ ਹੀ ਸਾਂਝੀ ਰਣਨੀਤਕ ਕਾਰਜ ਯੋਜਨਾ 2025-2029 ਦੀ ਵੀ ਸਮੀਖਿਆ ਕੀਤੀ ਜਾਵੇਗੀ। ਮੈਂ ਖ਼ੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਮੁੱਖ ਦਫ਼ਤਰ ਦਾ ਵੀ ਦੌਰਾ ਕਰਾਂਗਾ ਅਤੇ ਬਹੁਪੱਖੀਵਾਦ ਦੇ ਨਾਲ-ਨਾਲ ਵਿਸ਼ਵਵਿਆਪੀ ਖ਼ੁਰਾਕ ਸੁਰੱਖਿਆ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਾਂਗਾ।”
ਦੱਸ ਦੇਈਏ ਕਿ ਰੋਮ ਦੇ ਏਅਰਪੋਰਟ ‘ਤੇ ਪੀ.ਐਮ. ਮੋਦੀ ਦਾ ਸਵਾਗਤ ਕਰਨ ਲਈ ਇਟਲੀ ਦੇ ਵਿਦੇਸ਼ ਮੰਤਰੀ ਪਹੁੰਚੇ, ਉੱਥੇ ਹੀ ਜਾਰਜੀਆ ਮੇਲੋਨੀ ਨੇ ਪੀ.ਐਮ. ਮੋਦੀ ਨਾਲ ਫ਼ੋਟੋ ਪੋਸਟ ਕਰਦੇ ਹੋਏ ਲਿਖਿਆ– “ਰੋਮ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਦੋਸਤ।”
ਰੋਮ ਵਿੱਚ ਭਾਰਤੀ ਭਾਈਚਾਰੇ ਨੇ ਪੀ.ਐਮ. ਮੋਦੀ ਦੇ ਹੋਟਲ ਪਹੁੰਚਣ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਭਾਰਤੀ ਲੋਕ ਵੱਡੀ ਗਿਣਤੀ ਵਿੱਚ ਤਿਰੰਗਾ ਲੈ ਕੇ ਹੋਟਲ ਪਹੁੰਚੇ ਹੋਏ ਸਨ। ਪੂਰਾ ਹੋਟਲ ‘ਮੋਦੀ-ਮੋਦੀ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ।
ਪੀ.ਐਮ. ਮੋਦੀ ਨੇ ਵੀ ਬੜੀ ਗਰਮਜੋਸ਼ੀ ਨਾਲ ਲੋਕਾਂ ਨਾਲ ਮੁਲਾਕਾਤ ਕੀਤੀ, ਲੋਕਾਂ ਨਾਲ ਹੱਥ ਮਿਲਾਇਆ ਅਤੇ ਬੱਚਿਆਂ ਨੂੰ ਆਟੋਗ੍ਰਾਫ਼ ਵੀ ਦਿੱਤੇ। ਇਸ ਦੌਰਾਨ ਭਾਰਤੀ ਅਤੇ ਇਟਲੀ ਦੇ ਕਲਾਕਾਰਾਂ ਨੇ ਰਵਾਇਤੀ ਨਾਚ ਅਤੇ ਕਲਾਸੀਕਲ ਮਿਊਜ਼ਿਕ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਦਾ ਪੀ.ਐਮ. ਮੋਦੀ ਨੇ ਭਰਪੂਰ ਆਨੰਦ ਮਾਣਿਆ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਵੀ ਕੀਤੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

