ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 5 ਦਿਨਾਂ ਦੇ ਅੰਦਰ ਦੂਜੀ ਵਾਰ ਵਾਧਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੀਐਨਜੀ ਦੇ ਰੇਟਾਂ ਵਿੱਚ ਵੀ 1.73 ਰੁਪਏ ਦਾ ਇਜਾਫਾ ਹੋਇਆ ਹੈ। ਇਸ ਤੋਂ ਪਹਿਲਾਂ 15 ਮਈ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਨਵੀਆਂ ਕੀਮਤਾਂ ਤੋਂ ਬਾਅਦ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਦੀ ਚਿੰਤਾ ਵੀ ਵਧ ਗਈ ਹੈ।
ਕਈ ਸ਼ਹਿਰਾਂ ’ਚ ਪੈਟਰੋਲ 100 ਤੋਂ ਪਾਰ
ਲੁਧਿਆਣਾ ਵਿੱਚ ਪੈਟਰੋਲ ਦੀ ਕੀਮਤ 101.11 ਰੁਪਏ ਤੋਂ ਵੱਧ ਕੇ 101.98 ਰੁਪਏ ਹੋ ਗਈ ਹੈ, ਜਦਕਿ ਡੀਜ਼ਲ 90.90 ਤੋਂ ਵਧ ਕੇ 91.79 ਰੁਪਏ ਪ੍ਰਤੀ ਲੀਟਰ ਹੋ ਗਿਆ। ਜਲੰਧਰ ਵਿੱਚ ਪੈਟਰੋਲ 101.41 ਰੁਪਏ ਅਤੇ ਡੀਜ਼ਲ 91.24 ਰੁਪਏ ਤੱਕ ਪਹੁੰਚ ਗਿਆ ਹੈ। ਪਠਾਨਕੋਟ ਵਿੱਚ ਪੈਟਰੋਲ 102.46 ਰੁਪਏ ਅਤੇ ਡੀਜ਼ਲ 92.25 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਚੰਡੀਗੜ੍ਹ ਵਿੱਚ ਵੀ ਪੈਟਰੋਲ ਦੇ ਰੇਟ 97.27 ਤੋਂ ਵਧ ਕੇ 98.12 ਰੁਪਏ ਹੋ ਗਏ ਹਨ, ਜਦਕਿ ਡੀਜ਼ਲ 85.25 ਤੋਂ ਵਧ ਕੇ 86.09 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਵਾਧੇ ਨਾਲ ਲੋਕਾਂ ਦੀ ਜੇਬ ’ਤੇ ਹੋਰ ਬੋਝ ਪੈਣਾ ਸ਼ੁਰੂ ਹੋ ਗਿਆ ਹੈ।
ਕਿਸਾਨਾਂ ’ਤੇ ਪਵੇਗਾ ਵੱਡਾ ਅਸਰ
ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਭ ਤੋਂ ਵੱਡਾ ਅਸਰ ਪੰਜਾਬ ਦੇ ਕਿਸਾਨਾਂ ’ਤੇ ਪੈਣ ਵਾਲਾ ਹੈ। ਮਾਹਰਾਂ ਦੇ ਅਨੁਸਾਰ ਧਾਨ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਹੁਣ ਕਰੀਬ 756 ਕਰੋੜ ਰੁਪਏ ਵੱਧ ਖਰਚ ਕਰਨੇ ਪੈ ਸਕਦੇ ਹਨ। ਇੱਕ ਏਕੜ ਖੇਤ ਵਿੱਚ ਔਸਤਨ 90 ਲੀਟਰ ਡੀਜ਼ਲ ਦੀ ਲੋੜ ਪੈਂਦੀ ਹੈ, ਜਿਸ ਕਰਕੇ ਖੇਤੀ ਦੀ ਲਾਗਤ ਹੋਰ ਵਧੇਗੀ।
ਪੰਜਾਬ ਪੈਟਰੋਲਿਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸਚਦੇਵਾ ਮੁਤਾਬਕ, ਪਿਛਲੇ ਪੰਜ ਦਿਨਾਂ ਵਿੱਚ ਡੀਜ਼ਲ ਲਗਭਗ 4 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਪਹਿਲਾਂ 3.11 ਰੁਪਏ ਦਾ ਵਾਧਾ ਹੋਇਆ ਸੀ ਅਤੇ ਹੁਣ 89 ਪੈਸੇ ਹੋਰ ਵਧਾਏ ਗਏ ਹਨ।
ਕੱਚੇ ਤੇਲ ਦੀਆਂ ਕੀਮਤਾਂ ਕਾਰਨ ਵਾਧਾ
ਫਿਊਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਮੁੱਖ ਵਜ੍ਹਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਇਆ ਉਛਾਲ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਪਹਿਲਾਂ ਕੱਚੇ ਤੇਲ ਦੀ ਕੀਮਤ ਕਰੀਬ 70 ਡਾਲਰ ਪ੍ਰਤੀ ਬੈਰਲ ਸੀ, ਜੋ ਹੁਣ 100 ਡਾਲਰ ਤੋਂ ਪਾਰ ਚਲੀ ਗਈ ਹੈ। ਇਸ ਕਾਰਨ ਤੇਲ ਕੰਪਨੀਆਂ ’ਤੇ ਦਬਾਅ ਵਧਿਆ ਅਤੇ ਉਨ੍ਹਾਂ ਨੇ ਨੁਕਸਾਨ ਪੂਰਾ ਕਰਨ ਲਈ ਰੇਟ ਵਧਾ ਦਿੱਤੇ।
ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਹੋਰ ਮਹਿੰਗੇ ਹੋ ਸਕਦੇ ਹਨ।

