ਮੋਹਾਲੀ: ਪੰਜਾਬ ਵਿੱਚ ਅੱਜ ਤੋਂ ਘਰ-ਘਰ ਜਾ ਕੇ ਜਨਗਣਨਾ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜੋ 30 ਜੂਨ ਤੱਕ ਜਾਰੀ ਰਹੇਗੀ। ਇਸ ਦੌਰਾਨ ਸਰਕਾਰੀ ਮੁਲਾਜ਼ਮ ਲੋਕਾਂ ਦੇ ਘਰਾਂ ‘ਤੇ ਜਾ ਕੇ ਮਕਾਨ, ਸਹੂਲਤਾਂ ਅਤੇ ਜਾਇਦਾਦ ਨਾਲ ਸਬੰਧਤ ਕੁੱਲ 33 ਸਵਾਲ ਪੁੱਛਣਗੇ।
ਇਸ ਤੋਂ ਪਹਿਲਾਂ 30 ਅਪ੍ਰੈਲ ਤੋਂ 14 ਮਈ ਤੱਕ ਆਨਲਾਈਨ ਸਵੈ-ਗਣਨਾ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਜਿਸ ਵਿੱਚ ਲਗਭਗ 1.5 ਲੱਖ ਲੋਕਾਂ ਨੇ ਹਿੱਸਾ ਲਿਆ। ਜ਼ਿਲ੍ਹਾ ਵਾਰ ਦੇਖਿਆ ਜਾਵੇ ਤਾਂ ਲੁਧਿਆਣਾ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਰਿਹਾ, ਜਿੱਥੇ ਲਗਭਗ 25,000 ਲੋਕਾਂ ਨੇ ਖੁਦ ਆਪਣੀ ਗਿਣਤੀ ਆਨਲਾਈਨ ਪੂਰੀ ਕੀਤੀ। ਮੋਹਾਲੀ ਵਿੱਚ ਵੀ ਲਗਭਗ 10,000 ਲੋਕਾਂ ਨੇ ਸਵੈ-ਗਣਨਾ ਵਿੱਚ ਹਿੱਸਾ ਲਿਆ। ਖ਼ਾਸ ਗੱਲ ਇਹ ਰਹੀ ਕਿ ਪਿੰਡਾਂ ਵਿੱਚ ਸ਼ਹਿਰਾਂ ਦੇ ਮੁਕਾਬਲੇ ਵਧੀਆ ਪ੍ਰਤੀਕਿਰਿਆ ਮਿਲੀ।
ਜਨਗਣਨਾ ਵਿਭਾਗ ਦੇ ਅਨੁਸਾਰ, ਲੋਕਾਂ ਵੱਲੋਂ ਦਿੱਤੀ ਜਾਣ ਵਾਲੀ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਅਤੇ ਇਸ ਨੂੰ ਕਿਸੇ ਅਦਾਲਤ ਜਾਂ ਟੈਕਸ ਵਿਭਾਗ ਨਾਲ ਸਾਂਝਾ ਨਹੀਂ ਕੀਤਾ ਜਾਂਦਾ। ਇਸ ਦੇ ਨਾਲ ਹੀ, ਜਾਣਕਾਰੀ ਦੇਣ ਸਮੇਂ ਕਿਸੇ ਵੀ ਸਰਕਾਰੀ ਦਸਤਾਵੇਜ਼ ਦੀ ਹਾਰਡ ਕਾਪੀ ਦਿਖਾਉਣਾ ਲਾਜ਼ਮੀ ਨਹੀਂ ਹੈ, ਲੋਕ ਮੌਖਿਕ ਤੌਰ ‘ਤੇ ਵੀ ਸਹੀ ਜਾਣਕਾਰੀ ਦੇ ਸਕਦੇ ਹਨ।
ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਜਦੋਂ ਵੀ ਕੋਈ ਮੁਲਾਜ਼ਮ ਜਨਗਣਨਾ ਲਈ ਘਰ ਆਵੇ, ਤਾਂ ਉਸ ਦੀ ਅਧਿਕਾਰਤ ਪਹਿਚਾਣ ਪੱਤਰ (ID ਕਾਰਡ) ਜ਼ਰੂਰ ਚੈੱਕ ਕੀਤਾ ਜਾਵੇ, ਤਾਂ ਜੋ ਕਿਸੇ ਤਰ੍ਹਾਂ ਦੀ ਧੋਖਾਧੜੀ ਤੋਂ ਬਚਿਆ ਜਾ ਸਕੇ।
ਜਿਨ੍ਹਾਂ ਲੋਕਾਂ ਨੇ ਪਹਿਲਾਂ ਸਵੈ-ਗਣਨਾ ਵਿੱਚ ਹਿੱਸਾ ਲਿਆ ਸੀ, ਉਨ੍ਹਾਂ ਨੂੰ 11 ਅੰਕਾਂ ਦੀ ਇੱਕ ਖਾਸ SE ID ਦਿੱਤੀ ਗਈ ਹੈ, ਜੋ ਆਮ ਤੌਰ ‘ਤੇ ‘H’ ਅੱਖਰ ਨਾਲ ਸ਼ੁਰੂ ਹੁੰਦੀ ਹੈ। ਇਹ ID ਮੋਬਾਈਲ ਜਾਂ ਈਮੇਲ ਰਾਹੀਂ ਭੇਜੀ ਗਈ ਸੀ। ਜਦੋਂ ਟੀਮ ਘਰ ਆਵੇਗੀ, ਤਾਂ ਇਹ ID ਦਿਖਾਉਣੀ ਹੋਵੇਗੀ, ਜਿਸ ਨਾਲ ਮੁਲਾਜ਼ਮ ਤੁਹਾਡੀ ਪਹਿਲਾਂ ਭਰੀ ਜਾਣਕਾਰੀ ਦੀ ਪੁਸ਼ਟੀ ਕਰ ਸਕਣਗੇ।
ਇਸ ਦੌਰਾਨ ਮੁਲਾਜ਼ਮ ਕੁਝ ਹੋਰ ਜ਼ਰੂਰੀ ਜਾਣਕਾਰੀ ਵੀ ਦਰਜ ਕਰਨਗੇ, ਜਿਵੇਂ ਮਕਾਨ ਨੰਬਰ ਅਤੇ ਜਨਗਣਨਾ ਨੰਬਰ, ਜੋ ਆਨਲਾਈਨ ਮੈਪਿੰਗ ਦੀ ਜਾਂਚ ਲਈ ਲਾਜ਼ਮੀ ਹੁੰਦੇ ਹਨ। ਜੇਕਰ ਸਵੈ-ਗਣਨਾ ਤੋਂ ਬਾਅਦ ਪਰਿਵਾਰ ਵਿੱਚ ਕੋਈ ਬਦਲਾਅ ਆਇਆ ਹੋਵੇ ਜਾਂ ਕਿਸੇ ਜਾਣਕਾਰੀ ਵਿੱਚ ਗਲਤੀ ਹੋਵੇ, ਤਾਂ ਉਸਨੂੰ ਵੀ ਇਸ ਮੌਕੇ ‘ਤੇ ਠੀਕ ਕਰਵਾਇਆ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

