ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ ‘ਤੇ ਹਨ। ਇਸ ਦੌਰਾਨ ਉਹ ਪਹਿਲਾਂ ਕੇਂਦਰੀ ਸੜਕ ਪਰਿਵਹਨ ਮੰਤਰੀ ਨਿਤਿਨ ਗਡਕਰੀ ਨਾਲ ਮਿਲਣਗੇ ਅਤੇ ਫਿਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗਾਂ ਦੁਪਹਿਰ 1 ਵਜੇ ਅਤੇ 3 ਵਜੇ ਲਈ ਤੈਅ ਹਨ, ਜਿਸ ਤੋਂ ਬਾਅਦ ਉਹ ਮੀਡੀਆ ਨਾਲ ਵੀ ਗੱਲਬਾਤ ਕਰਨਗੇ।
ਇਸ ਦੌਰੇ ਦੌਰਾਨ ਪੰਜਾਬ ਵਿੱਚ ਲਟਕੇ ਹੋਏ NHAI ਦੇ ਪ੍ਰੋਜੈਕਟਾਂ, ਕਣਕ ਦੀ ਗੋਦਾਮਾਂ ਤੋਂ ਚੁਕਾਈ ਅਤੇ ਝੋਨੇ ਦੀ ਬੀਜਾਈ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ ਕੀਤਾ ਜਾਵੇਗਾ।
CM ਮਾਨ ਦੀ ਨਿਤਿਨ ਗਡਕਰੀ ਨਾਲ ਇਹ ਪਹਿਲੀ ਮੁਲਾਕਾਤ ਹੈ। ਜਾਣਕਾਰੀ ਮੁਤਾਬਕ, ਹਾਈਵੇਅ ਪ੍ਰੋਜੈਕਟਾਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ, ਜਿਸ ਦਾ ਮੁੱਖ ਕਾਰਨ ਕਾਨੂੰਨ-ਵਿਵਸਥਾ ਅਤੇ ਜ਼ਮੀਨ ਅਕੁਆਇਰ ਦੇ ਮਸਲੇ ਹਨ।
ਪਹਿਲਾਂ ਗਡਕਰੀ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਜੇ ਪੰਜਾਬ ਵਿੱਚ NHAI ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਸੁਰੱਖਿਆ ਯਕੀਨੀ ਨਾਂ ਬਣਾਈ ਗਈ ਤਾਂ ਲਗਭਗ 14,288 ਕਰੋੜ ਰੁਪਏ ਦੇ 8 ਵੱਡੇ ਹਾਈਵੇ ਪ੍ਰੋਜੈਕਟ ਰੱਦ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਜਲੰਧਰ ਅਤੇ ਲੁਧਿਆਣਾ ਵਿੱਚ ਇੰਜੀਨੀਅਰਾਂ ‘ਤੇ ਹੋਏ ਹਮਲਿਆਂ ਅਤੇ ਧਮਕੀਆਂ ਦਾ ਵੀ ਜ਼ਿਕਰ ਕੀਤਾ ਸੀ।
ਦੂਜੇ ਪਾਸੇ ਪੰਜਾਬ ਸਰਕਾਰ ਨੇ ਇਹ ਦੋਸ਼ ਰੱਦ ਕਰਦੇ ਹੋਏ ਕਿਹਾ ਹੈ ਕਿ ਕੁਝ ਘਟਨਾਵਾਂ ਠੇਕੇਦਾਰਾਂ ਦੀ ਲਾਪਰਵਾਹੀ ਕਾਰਨ ਹੋਈਆਂ, ਜਿਵੇਂ ਜ਼ਰੂਰਤ ਤੋਂ ਵੱਧ ਖੁਦਾਈ ਕਰਨਾ ਜਾਂ ਮਜ਼ਦੂਰਾਂ ਅਤੇ ਜ਼ਮੀਨ ਮਾਲਕਾਂ ਨੂੰ ਸਮੇਂ ‘ਤੇ ਭੁਗਤਾਨ ਨਾਂ ਕਰਨਾ।
ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਵੀ ਪਹੁੰਚ ਚੁੱਕਾ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਗਲਤ ਤਰੀਕੇ ਨਾਲ ਦਰਸਾਇਆ ਜਾ ਰਿਹਾ ਹੈ, ਜਦਕਿ ਜ਼ਮੀਨ ਦੀ ਕੀਮਤਾਂ ਨੂੰ ਲੈ ਕੇ ਵੀ ਵਿਵਾਦ ਬਣਿਆ ਹੋਇਆ ਹੈ।
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਸਤੰਬਰ 2025 ਵਿੱਚ ਹੜਾਂ ਦੌਰਾਨ ਪੰਜਾਬ ਆਏ ਸਨ। ਉਸ ਸਮੇਂ ਉਨ੍ਹਾਂ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਮਦਦ ਦਾ ਭਰੋਸਾ ਦਿੱਤਾ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

