ਚੰਡੀਗੜ੍ਹ: ਬੀਤੇ ਦੋ ਦਿਨਾਂ ਤੋਂ ਹਨੇਰੀ – ਤੂਫ਼ਾਨ ਅਤੇ ਬਾਰਿਸ਼ ਕਾਰਨ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਤੂਫ਼ਾਨੀ ਬਾਰਿਸ਼ ਦਾ ਇਹ ਸਿਲਸਿਲਾ ਅਜੇ ਜਾਰੀ ਰਹੇਗਾ। ਮੌਸਮ ਵਿਭਾਗ ਨੇ ਕਈ ਸੂਬਿਆਂ ਵਿੱਚ ਅੱਜ ਵੀ ਭਾਰੀ ਮੀਂਹ, ਤੂਫ਼ਾਨ ਅਤੇ ਹਨੇਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੱਧ ਅਤੇ ਦੱਖਣੀ ਭਾਰਤ ਦੇ ਕਈ ਹਿੱਸਿਆਂ ਵਿੱਚ ਪ੍ਰੀ-ਮਾਨਸੂਨ ਗਤੀਵਿਧੀਆਂ ਤੇਜ਼ ਹੋਣ ਨਾਲ ਮੌਸਮ ਰਾਹਤ ਭਰਿਆ ਹੋ ਸਕਦਾ ਹੈ। ਇਸ ਦੌਰਾਨ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦਾ ਅਨੁਮਾਨ ਹੈ।
ਦਿੱਲੀ-NCR ਵਿੱਚ ਅੱਜ ਸਵੇਰੇ, ਦੁਪਹਿਰ ਅਤੇ ਸ਼ਾਮ-ਤਿੰਨੋਂ ਸਮੇਂ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦੀ ਸ਼ੰਕਾ ਹੈ। ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹਿਣ ਦਾ ਅਨੁਮਾਨ ਹੈ। ਹਲਕੀ ਬਾਰਿਸ਼ ਅਤੇ ਬੱਦਲਾਂ ਦੀ ਆਵਾਜਾਈ ਜਾਰੀ ਰਹਿ ਸਕਦੀ ਹੈ।
ਉੱਤਰ ਪ੍ਰਦੇਸ਼ ਵਿੱਚ ਹਨੇਰੀ ਮੀਂਹ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਗੋਰਖਪੁਰ, ਪ੍ਰਯਾਗਰਾਜ, ਵਾਰਾਣਸੀ, ਅਮੇਠੀ, ਸੋਨਭੱਦਰ, ਸੁਲਤਾਨਪੁਰ, ਅਲੀਗੜ੍ਹ ਅਤੇ ਫੁਰਸਤਗੰਜ ਵਿੱਚ ਬਾਰਿਸ਼ ਦੀ ਸੰਭਾਵਨਾ ਹੈ। ਅਗਲੇ 24 ਘੰਟਿਆਂ ਵਿੱਚ ਲਖਨਊ ਵਿੱਚ ਅੰਸ਼ਕ ਰੂਪ ਵਿੱਚ ਬੱਦਲ ਛਾਏ ਰਹਿਣਗੇ ਅਤੇ ਗਰਜ-ਚਮਕ ਦੇ ਨਾਲ ਬੂੰਦਾਂ ਬੂੰਦੀ ਹੋ ਸਕਦੀ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਮੌਸਮ ਬਦਲਿਆ ਹੋਇਆ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ ਬੁੱਧਵਾਰ ਦੀ ਤੁਲਨਾ ਵਿੱਚ 0.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹੁਣ ਇਹ ਆਮ ਨਾਲੋਂ 2.5 ਡਿਗਰੀ ਹੇਠਾਂ ਪਹੁੰਚ ਗਿਆ ਹੈ। ਸਭ ਤੋਂ ਵੱਧ ਗਰਮ ਬਠਿੰਡਾ ਰਿਹਾ ਹੈ, ਜਿੱਥੇ ਤਾਪਮਾਨ 39.3 ਡਿਗਰੀ ਦਰਜ ਕੀਤਾ ਗਿਆ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ ਅੱਜ ਵੀਰਵਾਰ ਨੂੰ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਅਤੇ ਬਿਜਲੀ ਦਾ ਯੈਲੋ ਅਲਰਟ ਹੈ। ਹਵਾਵਾਂ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ। ਕੁਝ ਥਾਵਾਂ ‘ਤੇ ਬਾਰਿਸ਼ ਦੀ ਸੰਭਾਵਨਾ ਹੈ। ਬਾਰਿਸ਼ ਦੀ ਭਵਿੱਖਬਾਣੀ ਵਾਲੇ ਜ਼ਿਲ੍ਹਿਆਂ ਦੀ ਗਿਣਤੀ 13 ਹੈ, ਜਿਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਸ਼ਾਮਲ ਹਨ। ਇੱਕ ਮਈ ਨੂੰ ਕੋਈ ਅਲਰਟ ਨਹੀਂ ਹੈ। ਉਸ ਤੋਂ ਬਾਅਦ ਪੰਜ ਮਈ ਤੱਕ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹੇਗਾ।
ਹਰਿਆਣਾ ਵਿੱਚ ਵੀ ਅਪ੍ਰੈਲ ਮਹੀਨੇ ਦੇ ਆਖਰੀ ਦਿਨਾਂ ਵਿੱਚ ਮੌਸਮ ਨੇ ਕਰਵਟ ਲਈ ਹੈ। ਮੌਸਮ ਵਿਭਾਗ ਨੇ ਅੱਜ ਯਾਨੀ ਵੀਰਵਾਰ ਨੂੰ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕਰਨਾਲ, ਸੋਨੀਪਤ ਅਤੇ ਪਾਣੀਪਤ ਜ਼ਿਲ੍ਹਿਆਂ ਲਈ ਮੀਂਹ – ਹਨੇਰੀ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਗੁਰੂਗ੍ਰਾਮ, ਨੂਹ, ਪਲਵਲ, ਫਰੀਦਾਬਾਦ, ਅੰਬਾਲਾ ਅਤੇ ਪੰਚਕੂਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਅਨੁਸਾਰ, 30 ਅਪ੍ਰੈਲ ਤੋਂ ਬਾਅਦ 2 ਤੋਂ 5 ਮਈ ਤੱਕ ਵੀ ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ-ਚਮਕ, ਤੇਜ਼ ਹਵਾਵਾਂ ਅਤੇ ਹਨੇਰੀ ਦੀ ਸੰਭਾਵਨਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

