ਵਾਸ਼ਿੰਗਟਨ: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਦੇ ਹਿਲਟਨ ਹੋਟਲ ਵਿੱਚ ਵ੍ਹਾਈਟ ਹਾਊਸ ਕੌਰਸਪੌਂਡੈਂਟਸ ਡਿਨਰ ਦੌਰਾਨ ਕਥਿਤ ਤੌਰ ‘ਤੇ ਅੰਨ੍ਹੇਵਾਹ ਗੋਲੀਬਾਰੀ ਹੋਈ ਹੈ। ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਟਰੰਪ ਦੀ ਕੈਬਨਿਟ ਦੇ ਮੈਂਬਰ ਵੀ ਉੱਥੇ ਮੌਜੂਦ ਸਨ।
ਦੱਸਿਆ ਜਾ ਰਿਹਾ ਹੈ ਕਿ ਵ੍ਹਾਈਟ ਹਾਊਸ ਕੌਰਸਪੋਂਡੈਂਟਸ ਡਿਨਰ ਦੌਰਾਨ ਉਸ ਸਮੇਂ ਅਚਾਨਕ ਅਫ਼ਰਾ-ਤਫ਼ਰੀ ਮਚ ਗਈ ਜਦੋਂ ਇੱਕ ਬੰਦੂਕਧਾਰੀ ਨੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਹਮਲਾਵਰ ਨੂੰ ਫੜ ਲਿਆ । ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਅਤੇ ਹੋਰ ਨੇਤਾਵਾਂ ਤੇ ਅਧਿਕਾਰੀਆਂ ਨਾਲ ਡਿਨਰ ਵਿੱਚ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਸਮੇਂ ਮੁਤਾਬਕ ਰਾਤ ਕਰੀਬ 8:30 ਵਜੇ ਫਾਇਰਿੰਗ ਦੀ ਇਹ ਘਟਨਾ ਵਾਪਰੀ।
ਇਸ ਦੌਰਾਨ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਡੋਨਾਲਡ ਟਰੰਪ ਨੂੰ ਸੁਰੱਖਿਆ ਘੇਰੇ ਵਿੱਚ ਲਿਆ ਅਤੇ ਉਨ੍ਹਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢ ਲਿਆ। ਇਸ ਹਮਲੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਟਰੰਪ ਸੁਰੱਖਿਅਤ ਹਨ। ਪ੍ਰਸ਼ਾਸਨ ਦੇ ਇੱਕ ਅਧਿਕਾਰੀ ਅਨੁਸਾਰ, ਕੈਬਨਿਟ ਦੇ ਮੈਂਬਰ ਵੀ ਠੀਕ ਹਨ। ਇਹ ਗੋਲੀਬਾਰੀ ਕਿਉਂ ਹੋਈ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਅਮਰੀਕੀ ਮੀਡੀਆ ਅਨੁਸਾਰ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਫਾਇਰਿੰਗ ਦੀ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਫਾਇਰਿੰਗ ਦੇ ਸਮੇਂ ਟਰੰਪ ਸਟੇਜ ‘ਤੇ ਬੈਠੇ ਹਨ ਅਤੇ ਉਹ ਹੈਰਾਨ ਰਹਿ ਜਾਂਦੇ ਹਨ। ਉੱਥੇ ਮੌਜੂਦ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਚਾਰੋਂ ਪਾਸਿਓਂ ਘੇਰ ਲੈਂਦੇ ਹਨ। ਉੱਥੇ ਮੌਜੂਦ ਕਈ ਲੋਕ ਟੇਬਲ ਦੇ ਹੇਠਾਂ ਛਿਪ ਜਾਂਦੇ ਹਨ। ਹਮਲੇ ਦੇ ਕਰੀਬ ਡੇਢ ਘੰਟੇ ਬਾਅਦ ਟਰੰਪ ਨੇ ਮੀਡੀਆ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ- “ਅਮਰੀਕਾ ਦੇ ਸੰਵਿਧਾਨ ‘ਤੇ ਹਮਲਾ ਹੋਇਆ ਹੈ। ਸੀਕਰੇਟ ਸਰਵਿਸ ਨੇ ਮੇਰੀ ਜਾਨ ਬਚਾਈ। ਸੁਰੱਖਿਆ ਕਰਮਚਾਰੀਆਂ ਨੇ ਬਹਾਦਰੀ ਨਾਲ ਕੰਮ ਕੀਤਾ।ਹਮਲਾਵਰ ਕੋਲ ਇੱਕ ਪਾਵਰਫੁੱਲ ਬੰਦੂਕ ਸੀ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

