ਅਮਰੀਕਾ : ਮਿਡਲ-ਈਸਟ ਵਿੱਚ ਜਾਰੀ ਤਣਾਅ ਦੇ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦਖ਼ਲ ਤੋਂ ਬਾਅਦ ਈਰਾਨ ਵਿੱਚ 8 ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਰਾਹਤ ਮਿਲ ਗਈ ਹੈ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ‘ਤੇ ਪੋਸਟ ਸਾਂਝੀ ਕਰਕੇ ਇਸ ਨੂੰ “ਬਹੁਤ ਚੰਗੀ ਖ਼ਬਰ” ਦੱਸਿਆ ਅਤੇ ਕਿਹਾ ਕਿ 8 ਮਹਿਲਾ ਪ੍ਰਦਰਸ਼ਨਕਾਰੀਆਂ ਦੀ ਫ਼ਾਂਸੀ ਸਜ਼ਾ ‘ਤੇ ਰੋਕ ਲਗਾ ਦਿੱਤੀ ਗਈ ਹੈ। ਪਰ ਤਹਿਰਾਨ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ “ਬਹੁਤ ਚੰਗੀ ਖ਼ਬਰ! ਮੈਨੂੰ ਹੁਣੇ ਸੂਚਨਾ ਮਿਲੀ ਹੈ ਕਿ ਈਰਾਨ ਵਿੱਚ ਜਿਨ੍ਹਾਂ ਅੱਠ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਫਾਂਸੀ ਦਿੱਤੀ ਜਾਣੀ ਸੀ, ਉਨ੍ਹਾਂ ਨੂੰ ਹੁਣ ਫਾਂਸੀ ਨਹੀਂ ਦਿੱਤੀ ਜਾਵੇਗੀ। ਚਾਰ ਨੂੰ ਤੁਰੰਤ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਚਾਰ ਨੂੰ ਇੱਕ ਮਹੀਨੇ ਜੇਲ੍ਹ ਚ ਰਹਿਣਾ ਪਵੇਗਾ। ਮੈਂ ਈਰਾਨ ਅਤੇ ਉਸ ਦੇ ਨੇਤਾਵਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਮੇਰੀ ਅਪੀਲ ਦਾ ਸਨਮਾਨ ਕੀਤਾ ਅਤੇ ਫਾਂਸੀ ਦੀ ਯੋਜਨਾ ਨੂੰ ਰੱਦ ਕਰ ਦਿੱਤਾ। ਇਸ ਮਾਮਲੇ ‘ਤੇ ਧਿਆਨ ਦੇਣ ਲਈ ਧੰਨਵਾਦ!”
ਹਾਲਾਂਕਿ, ਈਰਾਨ ਨੇ ਇਸ ਪੂਰੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਈਰਾਨੀ ਨਿਆਂਪਾਲਿਕਾ ਦੀ ਨਿਊਜ਼ ਏਜੰਸੀ ‘ਮਿਜ਼ਾਨ’ ਨੇ ਸਪੱਸ਼ਟ ਕਿਹਾ ਕਿ ਅਜਿਹੀ ਕੋਈ ਯੋਜਨਾ ਸੀ ਹੀ ਨਹੀਂ, ਜਿਸ ਨੂੰ ਰੋਕਿਆ ਗਿਆ ਹੋਵੇ। ਏਜੰਸੀ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਝੂਠੀਆਂ ਖ਼ਬਰਾਂ ਰਾਹੀਂ ਆਪਣਾ ਅਕਸ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਿਜ਼ਾਨ ਨੇ ਕਿਹਾ ਕਿ ਟਰੰਪ ਨੇ ਪਹਿਲਾਂ ਵੀ ਅਜਿਹੀ ਹੀ ਗੁੰਮਰਾਹਕੁੰਨ ਜਾਣਕਾਰੀ ‘ਤੇ ਭਰੋਸਾ ਕੀਤਾ ਸੀ ਅਤੇ ਇਸ ਵਾਰ ਵੀ ਉਹੀ ਦੁਹਰਾਇਆ ਹੈ।
ਏਜੰਸੀ ਮੁਤਾਬਕ, ਕੁਝ ਔਰਤਾਂ ਨੂੰ ਪਹਿਲਾਂ ਹੀ ਰਿਹਾਅ ਕੀਤਾ ਜਾ ਚੁੱਕਾ ਹੈ ਅਤੇ ਬਾਕੀਆਂ ਦੇ ਖ਼ਿਲਾਫ਼ ਮਾਮਲੇ ਚੱਲ ਰਹੇ ਹਨ, ਪਰ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਰਹੀ। ਇਸ ਪੂਰੇ ਮਾਮਲੇ ਨੂੰ ਲੈ ਕੇ ਈਰਾਨ ਨੇ ਅਮਰੀਕਾ ‘ਤੇ ਤਿੱਖਾ ਹਮਲਾ ਬੋਲਿਆ ਹੈ। ਤੇਹਰਾਨ ਦਾ ਕਹਿਣਾ ਹੈ ਕਿ ਜੰਗ ਦੇ ਮੈਦਾਨ ਵਿੱਚ ਕੋਈ ਵੱਡੀ ਸਫਲਤਾ ਨਾ ਮਿਲਣ ਕਾਰਨ ਹੁਣ ਟਰੰਪ ਝੂਠੀਆਂ ਉਪਲਬਧੀਆਂ ਗਿਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

