Susan Coyle ਹੋਣਗੇ ਆਸਟ੍ਰੇਲੀਆ ਦੇ ਨਵੇਂ ਫੌਜ ਮੁਖੀ; ਪਹਿਲੀ ਵਾਰ ਮਹਿਲਾ ਸੰਭਾਲੇਗੀ ਫੌਜ ਦੀ ਕਮਾਨ

Global Team
3 Min Read

ਕੈਨਬਰਾ: ਆਸਟ੍ਰੇਲੀਆ ਦੇ 125 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਦੀ ਫੌਜ ਦੀ ਕਮਾਨ ਇੱਕ ਔਰਤ ਦੇ ਹੱਥ ਵਿੱਚ ਹੋਵੇਗੀ। ਲੈਫਟੀਨੈਂਟ ਜਨਰਲ ਸੂਜ਼ਨ ਕੋਇਲ (Susan Coyle) ਨੂੰ ਨਵਾਂ ਫੌਜ ਮੁਖੀ ਬਣਾਇਆ ਗਿਆ ਹੈ। ਸੂਜ਼ਨ ਕੋਇਲ ਜੁਲਾਈ ਤੋਂ ਇਹ ਅਹੁਦਾ ਸੰਭਾਲਣਗੇ। ਸੂਜ਼ਨ ਕੋਇਲ ਅਫਗਾਨਿਸਤਾਨ ਅਤੇ ਪੱਛਮੀ ਏਸ਼ੀਆ ਵਿੱਚ ਕਈ ਮੁਹਿੰਮਾਂ ਦੀ ਅਗਵਾਈ ਕਰ ਚੁੱਕੇ ਹਨ। ਸੂਜ਼ਨ ਕੋਇਲ ਦੀ ਤਰੱਕੀ ਦੀ ਯਾਤਰਾ ਉਨ੍ਹਾਂ ਦੀ ਵੱਡੀ ਭੈਣ ਦੀ ਪ੍ਰੇਰਨਾ ਤੋਂ ਪ੍ਰੇਰਿਤ ਹੈ।

ਮਿਲੀ ਜਾਣਕਾਰੀ ਅਨੁਸਾਰ ਸੂਜ਼ਨ ਕੋਇਲ (Susan Coyle) ਨੇ ਆਪਣੀ ਵੱਡੀ ਭੈਣ ਤੋਂ ਪ੍ਰੇਰਿਤ ਹੋ ਕੇ ਆਰਮੀ ਜੁਆਇਨ ਕੀਤੀ ਸੀ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਜਨਮੀ ਸੂਜ਼ਨ ਕੋਇਲ ਦੀ ਵੱਡੀ ਭੈਣ ‘ਐਲਿਸ’ ਸਾਲ 1980 ਵਿੱਚ ਆਸਟ੍ਰੇਲੀਅਨ ਆਰਮੀ ਰਿਜ਼ਰਵ ਵਿੱਚ ਸ਼ਾਮਲ ਹੋਈ ਸੀ। ਐਲਿਸ ਨੇ ਰਾਇਲ ਆਸਟ੍ਰੇਲੀਅਨ ਕਾਰਪਸ ਆਫ ਸਿਗਨਲਜ਼ ਵਿੱਚ ਸੇਵਾ ਨਿਭਾਈ ਸੀ। ਐਲਿਸ ਤੋਂ ਪ੍ਰੇਰਿਤ ਹੋ ਕੇ ਸੂਜ਼ਨ ਕੋਇਲ ਨੇ ਆਰਮੀ ਵਿੱਚ ਜਾਣ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੂੰ ਆਸਟ੍ਰੇਲੀਅਨ ਡਿਫੈਂਸ ਫੋਰਸ ਅਕੈਡਮੀ ਦੀ ਸਕਾਲਰਸ਼ਿਪ ਮਿਲੀ।

ਸੂਜ਼ਨ ਕੋਇਲ 1992 ਵਿੱਚ ਰਾਇਲ ਮਿਲਟਰੀ ਕਾਲਜ ਤੋਂ ਗ੍ਰੈਜੂਏਸ਼ਨ ਕਰਕੇ ਰਾਇਲ ਆਸਟ੍ਰੇਲੀਅਨ ਕਾਰਪਸ ਆਫ ਸਿਗਨਲਜ਼ ਵਿੱਚ ਸ਼ਾਮਲ ਹੋਈ। ਉਹ ਅਜੇ ਫੌਜ ਵਿੱਚ ‘ਜੁਆਇੰਟ ਕੈਪੇਬਿਲਿਟੀਜ਼’ ਦੀ ਚੀਫ਼ ਹੈ ਅਤੇ ਆਸਟ੍ਰੇਲੀਆਈ ਫੋਰਸ ਦੇ ਸਪੇਸ ਅਤੇ ਸਾਈਬਰ ਡੋਮੇਨ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਉਨ੍ਹਾਂ ਨੇ ਤਿਮੋਰ-ਲੇਸਤੇ, ਸੋਲੋਮਨ ਆਈਲੈਂਡਜ਼, ਅਫਗਾਨਿਸਤਾਨ ਅਤੇ ਪੱਛਮੀ ਏਸ਼ੀਆ ਵਰਗੇ ਖੇਤਰਾਂ ਵਿੱਚ ਮੁਹਿੰਮਾਂ ਦੀ ਅਗਵਾਈ ਕੀਤੀ ਹੈ।

ਸੂਜ਼ਨ ਕੋਇਲ ਨੂੰ ਆਸਟ੍ਰੇਲੀਆ ਦੀ ਫੌਜ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ਸੂਜ਼ਨ ਕੋਇਲ ਉਨ੍ਹਾਂ ਚੁਣਿੰਦਾ ਮਹਿਲਾ ਅਧਿਕਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੇ ਆਪਣੇ ਦੇਸ਼ਾਂ ਵਿੱਚ ਚੋਟੀ ਦੇ ਫੌਜੀ ਅਹੁਦੇ ਹਾਸਲ ਕੀਤੇ ਹਨ। ਕੈਨੇਡਾ ਵਿੱਚ ਜੇਨੀ ਕੈਰਿਗਨੈਨ ਨੂੰ 2024 ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ ਬਣਾਇਆ ਗਿਆ ਸੀ। ਸਲੋਵੇਨੀਆ ਵਿੱਚ ਐਲੇਂਕਾ ਐਰਮੇਂਕ 2018 ਵਿੱਚ ਫੌਜ ਮੁਖੀ ਬਣੀ ਸੀ। ਬ੍ਰਿਟੇਨ ਵਿੱਚ ਸ਼ੈਰਨ ਨੇਸਮਿਥ ਨੂੰ 2024 ਵਿੱਚ ਵਾਈਸ ਚੀਫ਼ ਆਫ਼ ਡਿਫੈਂਸ ਸਟਾਫ਼ ਨਿਯੁਕਤ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ 125 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਔਰਤ ਨੂੰ ਫੌਜ ਮੁਖੀ ਬਣਾਇਆ ਜਾ ਰਿਹਾ ਹੈ। ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਇਸ ਨੂੰ ਇਤਿਹਾਸਕ ਪਲ ਦੱਸਦਿਆਂ ਕਿਹਾ ਕਿ ਇਹ ਔਰਤਾਂ ਲਈ ਪ੍ਰੇਰਨਾ ਬਣੇਗਾ। ਆਸਟ੍ਰੇਲੀਅਨ ਡਿਫੈਂਸ ਫੋਰਸ ਵਿੱਚ ਫਿਲਹਾਲ ਔਰਤਾਂ ਦੀ ਹਿੱਸੇਦਾਰੀ ਲਗਭਗ 21% ਹੈ ਅਤੇ 2030 ਤੱਕ ਇਸ ਨੂੰ 25% ਕਰਨ ਦਾ ਟੀਚਾ ਰੱਖਿਆ ਗਿਆ ਹੈ।

 

Share This Article
Leave a Comment