ਸਰਕਾਰ ਦਾ ਵੱਡਾ ਫੈਸਲਾ! ਡੀਜ਼ਲ ਅਤੇ ATF ‘ਤੇ ਨਿਰਯਾਤ ਡਿਊਟੀ ਵਧਾਈ; ਜਾਣੋ ਕੀ ਪਵੇਗਾ ਅਸਰ

Global Team
2 Min Read

ਨਵੀ ਦਿੱਲੀ : ਸਰਕਾਰ ਨੇ ਡੀਜ਼ਲ ‘ਤੇ ਨਿਰਯਾਤ ਡਿਊਟੀ ਵਧਾ ਦਿੱਤੀ ਹੈ। ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਨਿਰਯਾਤ ਡਿਊਟੀ ਨੂੰ 21.5 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 55.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਸਰਕਾਰ ਦਾ ਇਹ ਕਦਮ ਕਾਫੀ ਅਹਿਮ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਇਹ ਘਰੇਲੂ ਸਪਲਾਈ ਨੂੰ ਯਕੀਨੀ ਬਣਾਏਗਾ।

ਇਸ ਦੇ ਨਾਲ ਹੀ ਹਵਾਈ ਜਹਾਜ਼ ਦੇ ਈਂਧਨ (ATF) ‘ਤੇ ਡਿਊਟੀ ਨੂੰ 29.5 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 42 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਪੈਟਰੋਲ ‘ਤੇ ਨਿਰਯਾਤ ਡਿਊਟੀ ਜ਼ੀਰੋ (ਸਿਫ਼ਰ) ਬਣੀ ਹੋਈ ਹੈ। ਪੈਟਰੋਲ ‘ਤੇ ਨਿਰਯਾਤ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ।

ਦੱਸਣਯੋਗ ਹੈ ਕਿ ਸਰਕਾਰ ਦੇ ਇਸ ਕਦਮ ਦਾ ਉਦੇਸ਼ ਵਿਸ਼ਵਵਿਆਪੀ ਊਰਜਾ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇ ਵਿਚਕਾਰ ਘਰੇਲੂ ਬਾਜ਼ਾਰ ਵਿੱਚ ਬਾਲਣ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ। ਇੱਕ ਅਧਿਕਾਰਤ ਸਰਕਾਰੀ ਬਿਆਨ ਦੇ ਅਨੁਸਾਰ ਇਹ ਫੈਸਲਾ ਮਾਲੀਆ ਵਧਾਉਣ ਦਾ ਉਦੇਸ਼ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਨਿਰਯਾਤਕ ਅੰਤਰਰਾਸ਼ਟਰੀ ਅਤੇ ਘਰੇਲੂ ਕੀਮਤਾਂ ਵਿੱਚ ਅੰਤਰ ਦਾ ਅਨੁਚਿਤ ਫਾਇਦਾ ਨਾ ਚੱਕ ਸਕਣ ।

ਦੱਸ ਦਈਏ ਕਿ ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਅਤੇ ਭੂ-ਸਿਆਸੀ ਤਣਾਅ ਕਾਰਨ ਕੱਚੇ ਤੇਲ (ਕਰੂਡ) ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਰਿਪੋਰਟਸ ਅਨੁਸਾਰ ਇਸ ਕਾਰਨ ਨਿੱਜੀ ਰਿਫਾਇਨਰੀਆਂ ਘਰੇਲੂ ਪੰਪਾਂ ਦੀ ਬਜਾਏ ਵਿਦੇਸ਼ਾਂ ਵਿੱਚ ਤੇਲ ਵੇਚ ਕੇ ਭਾਰੀ ਮੁਨਾਫ਼ਾ ਕਮਾ ਰਹੀਆਂ ਸਨ। ਡਿਊਟੀ ਵਧਣ ਨਾਲ ਹੁਣ ਉਨ੍ਹਾਂ ਲਈ ਨਿਰਯਾਤ ਕਰਨਾ ਮਹਿੰਗਾ ਹੋ ਜਾਵੇਗਾ। ਇਸ ਨਾਲ ਉਹ ਆਪਣਾ ਉਤਪਾਦ ਭਾਰਤੀ ਬਾਜ਼ਾਰਾਂ ਵਿੱਚ ਵੇਚਣ ਲਈ ਉਤਸ਼ਾਹਿਤ ਹੋਣਗੀਆਂ। ਦੇਸ਼ ਦੇ ਅੰਦਰ ਸੰਭਾਵੀ ਬਾਲਣ ਸੰਕਟ ਦਾ ਖ਼ਤਰਾ ਟਲ ਜਾਵੇਗਾ।

ਸਰਕਾਰ ਨੇ ਇਹ ਫੈਸਲਾ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਰੱਖਣ ਲਈ ਲਿਆ ਹੈ। ਇਹ ਕਦਮ ਉਨ੍ਹਾਂ ਖ਼ਦਸ਼ਿਆਂ ਨੂੰ ਦੂਰ ਕਰਦਾ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਮਿਡਲ ਈਸਟ ਵਿੱਚ ਚੱਲ ਰਹੀ ਜੰਗ ਕਾਰਨ ਕੱਚਾ ਤੇਲ ਮਹਿੰਗਾ ਹੋਣ ਨਾਲ ਭਾਰਤ ਵਿੱਚ ਪੈਟਰੋਲ-ਡੀਜ਼ਲ ਮਹਿੰਗਾ ਹੋ ਸਕਦਾ ਹੈ। ਇਸ ਦਾ ਮੁੱਖ ਉਦੇਸ਼ ਘਰੇਲੂ ਬਾਜ਼ਾਰ ਵਿੱਚ ਫਿਊਲ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ।

Share This Article
Leave a Comment