ਅਪ੍ਰੈਲ ‘ਚ ਨਵੰਬਰ ਵਰਗੀ ਠੰਡ! ਪੰਜਾਬ- ਹਰਿਆਣਾ ਸਣੇ ਕਈ ਸੂਬਿਆਂ ਵਿੱਚ ਅੱਜ ਵੀ ਅਲਰਟ, ਪੜ੍ਹੋ ਵੱਡੀ ਅਪਡੇਟ

Global Team
3 Min Read

ਨਵੀ ਦਿੱਲੀ : ਪਿਛਲੇ ਕੁਝ ਦਿਨਾਂ ਤੋਂ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੋਂ ਲੈ ਕੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੱਕ ਅਪ੍ਰੈਲ ਦੇ ਮਹੀਨੇ ਵਿੱਚ ਮੌਸਮ ਅਜੀਬ ਕਰਵਟਾਂ ਲੈ ਰਿਹਾ ਹੈ। ਅਪ੍ਰੈਲ ਵਿੱਚ ਧੁੱਪ ਅਤੇ ਗਰਮੀ ਗਾਇਬ ਹੈ, ਜਦਕਿ ਅਸਮਾਨ ਵਿੱਚ ਸੰਘਣੇ ਬੱਦਲਾਂ ਨੇ ਡੇਰਾ ਲਾਇਆ ਹੋਇਆ ਹੈ। ਅਪ੍ਰੈਲ ‘ਚ ਨਵੰਬਰ ਦੀ ਸਰਦੀ ਵਰਗਾ ਮਹਿਸੂਸ ਹੋ ਰਿਹਾ ਹੈ।

ਹਿਮਾਲੀਅਨ ਖੇਤਰ ਵਿੱਚ ਪੱਛਮੀ ਡਿਸਟਰਬੈਂਸ ਸਰਗਰਮ ਹੋਣ ਕਾਰਨ ਅੱਜ ਵੀ ਉੱਤਰ ਭਾਰਤ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਗਰਜ-ਚਮਕ ਦੇ ਨਾਲ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦਾ ਵੀ ਅਨੁਮਾਨ ਹੈ। ਅੱਜ ਉੱਤਰ ਪ੍ਰਦੇਸ਼, ਪੰਜਾਬ, ਰਾਜਸਥਾਨ ਸਮੇਤ ਜ਼ਿਆਦਾਤਰ ਸੂਬਿਆਂ ਵਿੱਚ ਗਰਜ-ਤੂਫ਼ਾਨ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। 10 ਰਾਜਾਂ ਵਿੱਚ ਗੜੇਮਾਰੀ ਸੰਭਵ ਹੈ।

ਜੇਕਰ ਦਿੱਲੀ ਵਿੱਚ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਅਸਮਾਨ ਵਿੱਚ ਬੱਦਲ ਛਾਏ ਹੋਏ ਹਨ। ਦੋ ਤੋਂ ਤਿੰਨ ਵਾਰ ਮੀਂਹ ਪੈਣ ਦੇ ਨਾਲ-ਨਾਲ ਤੇਜ਼ ਹਵਾਵਾਂ ਦਾ ਦੌਰ ਅੱਜ ਵੀ ਜਾਰੀ ਰਹੇਗਾ। ਬੱਦਲਾਂ ਦੀ ਗਰਜ ਦੇ ਨਾਲ ਬਿਜਲੀ ਡਿੱਗਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਪੰਜਾਬ ‘ਚ ਵੀ ਮੀਂਹ ਨੇ ਮੌਸਮ ਨੂੰ ਠੰਢਾ ਕਰ ਦਿੱਤਾ। ਮੌਸਮ ਕੇਂਦਰ ਦੇ ਅਨੁਸਾਰ ਮੌਜੂਦਾ ਹਾਲਾਤ 8 ਅਪ੍ਰੈਲ ਨੂੰ ਵੱਖ-ਵੱਖ ਥਾਵਾਂ ‘ਤੇ ਬੂੰਦਾਬਾਂਦੀ ਦਾ ਸੰਕੇਤ ਦੇ ਰਹੇ ਹਨ। ਮੌਸਮ ਵਿਭਾਗ ਨੇ ਅੱਜ (8 ਅਪ੍ਰੈਲ) ਨੂੰ ਮੀਂਹ, ਗੜੇਮਾਰੀ ਅਤੇ ਤੂਫਾਨ ਲਈ ਸੰਤਰੀ ਚੇਤਾਵਨੀ ਵੀ ਜਾਰੀ ਕੀਤੀ ਹੈ। ਇਸ ਦੌਰਾਨ ਸੁਨਾਮ, ਸੰਗਰੂਰ, ਮਾਲੇਰਕੋਟਲਾ, ਮੂਣਕ, ਪਾਤੜਾਂ, ਸਮਾਨਾ, ਪਟਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ, ਫ਼ਤਹਿਗੜ੍ਹ ਸਾਹਿਬ, ਅਮਲੋਹ, ਮੋਹਾਲੀ, ਬੱਸੀ ਪਠਾਣਾ, ਖੰਨਾ, ਪਾਇਲ, ਖਰੜ, ਖਮਾਣੋਂ, ਚਮਕੌਰ ਸਾਹਿਬ ਅਤੇ ਸਮਰਾਲਾ ਵਿੱਚ ਦਰਮਿਆਨੀ ਗਰਜ-ਚਮਕ ਦੇ ਨਾਲ ਤੂਫ਼ਾਨ ਚੱਲੇਗਾ।

ਹਰਿਆਣਾ ਵਿੱਚ ਵੀ ਮੌਸਮ ਅੱਜ ਠੰਡਾ ਰਹੇਗਾ । ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗਰਜ, 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਹਰਿਆਣਾ ਵਿੱਚ ਅੱਜ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਹੈ। ਬੱਦਲ ਛਾਏ ਹੋਏ ਹਨ। ਯਮੁਨਾਨਗਰ ਵਿੱਚ ਸਵੇਰੇ ਤੇਜ਼ ਮੀਂਹ ਪਿਆ। ਗੁਰੂਗ੍ਰਾਮ ਵਿੱਚ ਰਾਤ ਭਰ ਰੁਕ-ਰੁਕ ਕੇ ਮੀਂਹ ਦਾ ਦੌਰ ਜਾਰੀ ਰਿਹਾ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ ਨੇ ਅੱਜ ਜੀਂਦ, ਸੋਨੀਪਤ, ਪਾਣੀਪਤ, ਕਰਨਾਲ, ਕੈਥਲ, ਕੁਰੂਕਸ਼ੇਤਰ ਅਤੇ ਅੰਬਾਲਾ ਵਿੱਚ ਮੀਂਹ ਅਤੇ ਹਨ੍ਹੇਰੀ ਦਾ ‘ਓਰੇਂਜ ਅਲਰਟ’ ਜਾਰੀ ਕੀਤਾ ਹੈ। ਬਾਕੀ ਜ਼ਿਲ੍ਹਿਆਂ ਵਿੱਚ ਵੀ ਬੂੰਦਾ-ਬਾਂਦੀ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਵਿੱਚ 7-8 ਅਪ੍ਰੈਲ ਨੂੰ ਹਲਕੇ ਤੋਂ ਦਰਮਿਆਨੇ ਮੀਂਹ ਅਤੇ ਬਰਫ਼ਬਾਰੀ ਦੇ ਨਾਲ ਤੇਜ਼ ਹਨ੍ਹੇਰੀ ਚੱਲਣ ਦੀ ਚੇਤਾਵਨੀ ਹੈ। ਇਨ੍ਹਾਂ ਤਿੰਨਾਂ ਰਾਜਾਂ ਵਿੱਚ 9 ਅਤੇ 10 ਅਪ੍ਰੈਲ ਨੂੰ ਵੀ ਇਸੇ ਤਰ੍ਹਾਂ ਮੀਂਹ, ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਹੋ ਰਿਹਾ ਹੈ। 9 ਅਪ੍ਰੈਲ ਤੋਂ ਮੌਸਮ ਪੂਰੀ ਤਰ੍ਹਾਂ ਖੁਸ਼ਕ ਹੋ ਜਾਵੇਗਾ, ਜਿਸ ਕਾਰਨ ਤਾਪਮਾਨ ਫਿਰ ਤੋਂ ਵਧੇਗਾ।

Share This Article
Leave a Comment