ਹਰਿਆਣਾ : ਸੂਬੇ ਦੀਆਂ ਚਾਰ ਯੂਨੀਵਰਸਿਟੀਆਂ ਵਿੱਚ ਮੌਜੂਦਾ ਅਤੇ ਸਾਬਕਾ ਉਪ-ਕੁਲਪਤੀਆਂ (VCs) ‘ਤੇ ਵਿੱਤੀ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਸਰਕਾਰ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਮੁਕੰਮਲ ਫਾਈਲ ਰਾਜ ਚੌਕਸੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (S&ACB) ਨੂੰ ਭੇਜ ਦਿੱਤੀ ਹੈ।
ਇਨ੍ਹਾਂ ਉਪ-ਕੁਲਪਤੀਆਂ ਵਿੱਚ ਗੁਰੂ ਜੰਭੇਸ਼ਵਰ ਯੂਨੀਵਰਸਿਟੀ (GJU) ਹਿਸਾਰ ਦੇ ਵੀ.ਸੀ. ਪ੍ਰੋ. ਨਰਸੀ ਰਾਮ, ਦੀਨਬੰਧੂ ਛੋਟੂ ਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ (DCRUST) ਮੂਰਥਲ ਦੇ ਪ੍ਰੋ. ਪ੍ਰਕਾਸ਼ ਸਿੰਘ, ਸ੍ਰੀ ਕ੍ਰਿਸ਼ਨਾ ਆਯੁਰਵੈਦਿਕ ਯੂਨੀਵਰਸਿਟੀ (SKAU) ਕੁਰੂਕਸ਼ੇਤਰ ਦੇ ਪ੍ਰੋ. ਕਰਤਾਰ ਸਿੰਘ ਧੀਮਾਨ ਅਤੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ (MDU) ਰੋਹਤਕ ਦੇ ਸਾਬਕਾ ਵੀ.ਸੀ. ਪ੍ਰੋ. ਰਾਜਬੀਰ ਸਿੰਘ ਸ਼ਾਮਲ ਹਨ।
ਇਨ੍ਹਾਂ ਚਾਰਾਂ ਦੇ ਖ਼ਿਲਾਫ਼ ਸਰਕਾਰ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ। ਇਸ ਤੋਂ ਬਾਅਦ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਜਾਂਚ ਲਈ ਐਸ.ਐਂਡ.ਏ.ਸੀ.ਬੀ. (S&ACB) ਦੇ ਡੀ.ਜੀ.ਪੀ. ਡਾ. ਅਰਸ਼ਿੰਦਰ ਸਿੰਘ ਚਾਵਲਾ ਨੂੰ ਫਾਈਲ ਭੇਜ ਦਿੱਤੀ ਹੈ। ਉਨ੍ਹਾਂ ਨੂੰ ਇੱਕ ਤੈਅ ਸਮੇਂ ਅੰਦਰ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦੋਸ਼ ਸਹੀ ਪਾਏ ਜਾਣ ‘ਤੇ ਵਿਜੀਲੈਂਸ ਤੁਰੰਤ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰੀ ਵੀ ਕਰ ਸਕਦੀ ਹੈ।
ਚਾਵਲਾ ਨੇ ਦੱਸਿਆ ਕਿ ਚਾਰਾਂ ਯੂਨੀਵਰਸਿਟੀਆਂ ਵਿੱਚ ਭ੍ਰਿਸ਼ਟਾਚਾਰ ਨਾਲ ਸਬੰਧਤ ਸ਼ਿਕਾਇਤਾਂ ਆਈਆਂ ਹਨ। ਫਿਲਹਾਲ ਸੀਨੀਅਰ ਪੱਧਰ ‘ਤੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਅਗਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਡੀ.ਸੀ.ਆਰ.ਯੂ.ਐੱਸ.ਟੀ (DCRUST) ਮੂਰਥਲ ਪ੍ਰੋਫੈਸਰ ਪ੍ਰਕਾਸ਼ ਸਿੰਘ ਤੇ ਵਿਦਿਆਰਥੀ ਫੰਡ ਦੇ ਲਗਭਗ 50 ਕਰੋੜ ਰੁਪਏ ਦੀ ਹੇਰਾਫੇਰੀ ਕੀਤੇ ਜਾਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਜੀ.ਜੇ.ਯੂ (GJU) ਹਿਸਾਰ: ਪ੍ਰੋ. ਨਰਸੀ ਰਾਮ ‘ਤੇ ਨਾਨ-ਟੀਚਿੰਗ ਸਟਾਫ਼ ਦੀ ਭਰਤੀ ਵਿੱਚ ਵੱਡੇ ਪੱਧਰ ‘ਤੇ ਬੇਨਿਯਮੀਆਂ ਵਰਤਣ ਦਾ ਦੋਸ਼ ਹੈ। ਐੱਸ.ਕੇ.ਏ.ਯੂ. (SKAU), ਪ੍ਰੋ. ਕਰਤਾਰ ਸਿੰਘ ਧੀਮਾਨ ਤੇ ਰਾਖਵਾਂਕਰਨ ਨਿਯਮਾਂ ਅਤੇ ਭਰਤੀ ਰੋਸਟਰ ਦੀ ਉਲੰਘਣਾ ਕਰਨ ਦੇ ਦੋਸ਼ ਹਨ।ਇਸੇ ਤਰਾਂ ਐੱਮ.ਡੀ.ਯੂ. (MDU) ਰੋਹਤਕ, ਸਾਬਕਾ ਉਪ-ਕੁਲਪਤੀ ਰਾਜਬੀਰ ਸਿੰਘ ‘ਤੇ ਯੂਨੀਵਰਸਿਟੀ ਕੈਂਪਸ ਲਈ 20 ਹਜ਼ਾਰ ਬੂਟਿਆਂ ਦੀ ਖਰੀਦ ਵਿੱਚ ਵਿੱਤੀ ਹੇਰਾਫੇਰੀ ਅਤੇ ਨਿਯੁਕਤੀਆਂ ਵਿੱਚ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹਨ।

