ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਟਾਰਨੀ ਜਨਰਲ ਪੈਮ ਬੋਂਡੀ ਨੂੰ ਕੀਤਾ ਬਰਖਾਸਤ

Global Team
3 Min Read

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਟਾਰਨੀ ਜਨਰਲ ਪੈਮ ਬੋਂਡੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਹ ਫੈਸਲਾ ਜੈਫਰੀ ਐਪਸਟਾਈਨ ਫਾਈਲਾਂ ਦੇ ਮਾਮਲੇ ਨੂੰ ਸੰਭਾਲਣ ਦੇ ਤਰੀਕੇ ਨੂੰ ਲੈ ਕੇ ਵਧ ਰਹੇ ਵਿਵਾਦ ਦੇ ਵਿਚਕਾਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਕੁਝ ਸਮੇਂ ਤੋਂ ਬੋਂਡੀ ਦੇ ਕੰਮ ਤੋਂ ਨਾਖੁਸ਼ ਸਨ ਅਤੇ ਖਾਸ ਕਰਕੇ ਐਪਸਟਾਈਨ ਨਾਲ ਸਬੰਧਤ ਮਾਮਲਿਆਂ ਨੂੰ ਸੰਭਾਲਣ ਨਾਲ ਉਨ੍ਹਾਂ ਦੀ ਨਾਰਾਜ਼ਗੀ ਵਧਦੀ ਜਾ ਰਹੀ ਸੀ।

ਦੱਸ ਦਈਏ ਟਰੰਪ ਨੇ ਇਸ ਫੈਸਲੇ ਦਾ ਐਲਾਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਕੀਤਾ। ਟਰੰਪ ਨੇ ‘ਟਰੂਥ ਸੋਸ਼ਲ’ ‘ਤੇ ਪੈਮ ਬੋਂਡੀ ਨੂੰ ਹਟਾਉਣ ਦਾ ਐਲਾਨ ਕਰਦੇ ਹੋਏ ਲਿਖਿਆ, “ਪੈਮ ਇੱਕ ਮਹਾਨ ਅਮਰੀਕੀ ਦੇਸ਼ ਭਗਤ ਅਤੇ ਮੇਰੀ ਇੱਕ ਵਫ਼ਾਦਾਰ ਦੋਸਤ ਰਹੀ ਹੈ। ਉਸਨੇ ਦੇਸ਼ ਭਰ ਵਿੱਚ ਅਪਰਾਧ ਵਿਰੁੱਧ ਵੱਡੀ ਕਾਰਵਾਈ ਦੀ ਅਗਵਾਈ ਕੀਤੀ, ਜਿਸ ਨਾਲ 1900 ਤੋਂ ਬਾਅਦ ਕਤਲਾਂ ਦੀ ਗਿਣਤੀ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ। ਅਸੀਂ ਪੈਮ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਹੁਣ ਉਹ ਨਿੱਜੀ ਖੇਤਰ ਵਿੱਚ ਇੱਕ ਮਹੱਤਵਪੂਰਨ ਨਵੀਂ ਭੂਮਿਕਾ ਨਿਭਾਏਗੀ।” ਟਰੰਪ ਨੇ ਇਹ ਵੀ ਦੱਸਿਆ ਕਿ ਬੋਂਡੀ ਦੇ ਡਿਪਟੀ, ਟੌਡ ਬਲੈਂਚ ਨੂੰ ਕਾਰਜਕਾਰੀ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ।

ਬੌਂਡੀ ਨੇ ਆਪਣਾ ਕਾਰਜਕਾਲ ਨਿਆਂ ਵਿਭਾਗ ਨੂੰ ਰਾਜਨੀਤੀ ਤੋਂ ਬਾਹਰ ਰੱਖਣ ਦਾ ਵਾਅਦਾ ਕਰਕੇ ਸ਼ੁਰੂ ਕੀਤਾ। ਉਸਨੇ ਬਾਅਦ ਵਿੱਚ ਟਰੰਪ ਦੇ ਰਾਜਨੀਤਿਕ ਵਿਰੋਧੀਆਂ ਦੀ ਜਾਂਚ ਸ਼ੁਰੂ ਕੀਤੀ, ਜਿਸਦੀ ਵਿਆਪਕ ਆਲੋਚਨਾ ਹੋਈ। ਆਲੋਚਕਾਂ ਨੇ ਦੋਸ਼ ਲਗਾਇਆ ਕਿ ਨਿਆਂ ਵਿਭਾਗ ਦੀ ਵਰਤੋਂ ਰਾਸ਼ਟਰਪਤੀ ਦੇ ਰਾਜਨੀਤਿਕ ਅਤੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕੀਤੀ ਜਾ ਰਹੀ ਸੀ। ਬਾਅਦ ਵਿੱਚ ਐਪਸਟਾਈਨ ਫਾਈਲਾਂ ਦੇ ਪ੍ਰਬੰਧਨ ਨਾਲ ਜੁੜੇ ਵਿਵਾਦਾਂ ਦੇ ਵਿਚਕਾਰ ਟਰੰਪ ਉਸਦੀ ਕੰਮ ਕਰਨ ਦੀ ਸ਼ੈਲੀ ਤੋਂ ਨਾਰਾਜ਼ ਹੋ ਗਏ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਫਲੋਰੀਡਾ ਰਾਜ ਦੀ ਸਾਬਕਾ ਅਟਾਰਨੀ ਜਨਰਲ ਪੈਮ ਬੋਂਡੀ ਨੂੰ ਲੰਬੇ ਸਮੇਂ ਤੋਂ ਡੋਨਾਲਡ ਟਰੰਪ ਦੀ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਰਿਹਾ ਹੈ । ਉਹ ਟਰੰਪ ਦੇ ਪਹਿਲੇ ਮਹਾਂਦੋਸ਼ ਮੁਕੱਦਮੇ ਦੌਰਾਨ ਉਨ੍ਹਾਂ ਦੀ ਕਾਨੂੰਨੀ ਟੀਮ ਦਾ ਹਿੱਸਾ ਵੀ ਸੀ। ਉਨ੍ਹਾਂ ਨੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਅਮਰੀਕੀ ਅਟਾਰਨੀ ਜਨਰਲ ਵਜੋਂ ਸੇਵਾ ਨਿਭਾਈ। ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ​​ਕਰਨ ਅਤੇ ਅਪਰਾਧ ਨੂੰ ਕੰਟਰੋਲ ਕਰਨ ਲਈ ਕਈ ਕਦਮ ਚੁੱਕੇ, ਪਰ ਉਨ੍ਹਾਂ ਦੇ ਫੈਸਲਿਆਂ ਨੂੰ ਵੀ ਲਗਾਤਾਰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ।

Share This Article
Leave a Comment