ਪੰਜਾਬ ‘ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਂਚ, ਕੇਜਰੀਵਾਲ ਬੋਲੇ- 4 ਸਾਲਾਂ ਦਾ ਇਹ ਦੌਰ ਸ਼ਾਨਦਾਰ

Global Team
5 Min Read

ਮੁਹਾਲੀ: ਪੰਜਾਬ ਵਾਸੀਆਂ ਲਈ ਅੱਜ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੋਹਾਲੀ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਲੋਕਾਂ ਦਾ ਪਿਆਰ ਹੈ ਜੋ ਸਾਨੂੰ ਅੱਕਣ ਤੇ ਥੱਕਣ ਨਹੀਂ ਦਿੰਦਾ ਤੇ ਜੋ ਸਾਨੂੰ ਕੰਮ ਕਰਨ ਤੋਂ ਰੁਕਣ ਨਹੀਂ ਦਿੰਦਾ। ਉਨ੍ਹਾਂ ਨੇ ਕਿਹਾ ਕਿ ਅੱਜ ਦਿਨ ਬਹੁਤ ਇਤਿਹਾਸਕ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕੋਈ ਹਰਾ, ਨੀਲਾ ਜਾਂ ਪੀਲਾ ਕਾਰਡ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਸ਼ਰਤ ਨਹੀਂ ਰੱਖੀ ਗਈ ਹੈ। ਹਰ ਪੰਜਾਬ ਵਾਸੀ ਇਸ ਯੋਜਨਾ ਦਾ ਲਾਭ ਲੈ ਸਕੇਗਾ।

ਇਸ ਯੋਜਨਾ ਨੂੰ ਲਾਂਚ ਕਰਨ ਲਈ ਅੱਜ ਮੁਹਾਲੀ ‘ਚ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ। ਇਸ ਯੋਜਨਾ ਤਹਿਤ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਫ਼ਤ ਇਲਾਜ਼ ਮਿਲੇਗਾ।

ਇਸ ਯੋਜਨਾ ਦਾ ਲਾਭ ਲੈਣ ਲਈ ਨਾ ਤਾਂ ਕੋਈ ਆਮਦਨ ਦਾ ਚੱਕਰ ਹੈ ਤੇ ਨਾ ਹੀ ਕੋਈ ਉਮਰ ਸੀਮਾ। ਪੰਜਾਬ ਦਾ ਕੋਈ ਵੀ ਵਿਅਕਤੀ ਜਿਸ ਕੋਲ ਆਧਾਰ ਜਾਂ ਵੋਟਰ ਕਾਰਡ ਹੈ, ਉਹ ਇਸ ਸਕੀਮ ਦਾ ਫਾਇਦਾ ਲੈ ਸਕਦਾ ਹੈ। ਸ਼ਰਤ ਇਹ ਹੈ ਕਿ ਆਧਾਰ ਜਾਂ ਵੋਟਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਹੈ। ਇਸ ਸਕੀਮ ਨਾਲ 65 ਲੱਖ ਪਰਿਵਾਰਾਂ ਦੇ ਕਰੀਬ 3 ਕਰੋੜ ਲੋਕਾਂ ਨੂੰ ਲਾਭ ਮਿਲੇਗਾ।

ਸਿਹਤ ਯੋਜਨਾ ਵਿੱਚ ਕੀਮੋਥੈਰੇਪੀ, ਡਿਲੀਵਰੀ, ਅਤੇ ਸਾਰੀਆਂ ਕਿਸਮਾਂ ਦੀਆਂ ਸਰਜਰੀਆਂ ਵੀ ਸ਼ਾਮਲ ਹਨ। ਇਸ ਵਿੱਚ ਐਡਵਾਂਸ ਸਰਜਰੀਆਂ ਵੀ ਸ਼ਾਮਲ ਹਨ। ਇਹ ਯੋਜਨਾ ‘ਚ ਸਾਰੇ ਟੈਸਟਾਂ, ਦਵਾਈਆਂ ਅਤੇ ਸਰਜਰੀਆਂ ਦੀ ਪੂਰੀ ਲਾਗਤ ਨੂੰ ਕਵਰ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਇਸ ‘ਚ ਲਗਭਗ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ਼ ਕੀਤਾ ਜਾਵੇਗਾ।

ਚਾਹੇ ਕਿਡਨੀ ਹੋਵੇ, ਦਿਲ ਦਾ ਇਲਾਜ਼ ਹੋਵੇ, ਡਾਇਲਸਿਸ ਹੋਵੇ, ਹੱਡੀਆਂ ਦਾ ਇਲਾਜ਼, ਜੱਚਾ-ਬੱਚਾ ਹਰ ਤਰੀਕੇ ਦਾ ਇਲਾਜ਼ ਹੋਵੇਗਾ। ਹਰ ਕੋਈ ਇਸ ਤਹਿਤ ਇਲਾਜ਼ ਕਰਵਾ ਸਕਦਾ ਹੈ, ਸਿਰਫ਼ ਰਜਿਸਟ੍ਰੇਸ਼ਨ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ‘ਚ ਸਰਕਾਰੀ ਮੁਲਾਜ਼ਮ, ਪੈਨਸ਼ਨਰ ਯਾਨੀ ਕਿ ਹਰ ਕੋਈ ਸ਼ਾਮਲ ਹੋਵੇਗਾ।

ਮੁੱਖ ਮੰਤਰੀ ਮਾਨ ਨੇ ਰਾਜਾ ਵੜਿੰਗ ਦੇ ’12 ਪੰਜਾ 48′ ਵਾਲੇ ਬਿਆਨ ‘ਤੇ ਵੀ ਤੰਜ ਕੱਸਿਆ। ਉਨ੍ਹਾਂ ਨੇ ਕਿਹਾ ਕਿ ਉਸ ਦੀ ਦਵਾਈ ਵੀ ਇਸ ਸਕੀਮ ‘ਚ ਹੈ। ਉਨ੍ਹਾਂ ਨੇ ਕਿਹਾ ਇਸ ‘ਚ ਮੈਂਟਲ ਹੈਲਥ ਦਾ ਇਲਾਜ਼ ਵੀ ਹੈ। ਉਨ੍ਹਾਂ ਦਾ ਕਾਰਡ ਵੀ ਅਸੀਂ ਬਣਾਵਾਂਗੇ। ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਨ੍ਹਾਂ ਦੇ ਟੱਬਰਾਂ ਦੇ ਟੱਬਰਾਂ ਨੂੰ ਕਾਰਡ ਬਣਾਉਣੇ ਪੈਣਗੇ।

ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਅੱਜ ਹੋਣ ਜਾ ਰਿਹਾ ਹੈ, ਉਹ ਪੰਜਾਬ ਦੇ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਲਈ ਇਤਿਹਾਸਕ ਮੌਕਾ ਹੈ। ਪੰਜਾਬ ‘ਚ ਅੱਜ ਜੋ ਹੋਣ ਜਾ ਰਿਹਾ ਹੈ, ਇਹ ਸ਼ਾਇਦ 1950 ‘ਚ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ 75 ਸਾਲਾਂ ‘ਚ ਇੰਨੀਆਂ ਸਰਕਾਰਾਂ ਆਈਆਂ ਤੇ ਗਈਆਂ, ਉਨ੍ਹਾਂ ਨੇ ਲੋਕਾਂ ਦਾ ਖਿਆਲ ਨਹੀਂ ਰੱਖਿਆ। ਉਨ੍ਹਾਂ ਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ, ਪਰ ਲੋਕਾਂ ਦਾ ਧਿਆਨ ਨਹੀਂ ਰੱਖਿਆ। ਜੇਕਰ ਪੰਜਾਬ ਦਾ ਹੀ ਉਦਾਹਰਣ ਲਿਆ ਜਾਵੇ ਤਾਂ ਪੰਜਾਬ ‘ਚ ਇੱਕ ਦੌਰ ਸੀ, ਜਦੋ ਅੱਤਵਾਦ ਸੀ ਤੇ ਉਸ ਤੋਂ ਬਾਅਦ ਦੌਰ ਆਇਆ ਜਦੋਂ ਪੰਜਾਬ ‘ਚ ਨਸ਼ਾ ਹੀ ਨਸ਼ਾ ਸੀ।

ਉਨ੍ਹਾਂ ਨੇ ਕਿਹਾ ਕਿ ਹਰ ਚੀਜ਼ ਦਾ ਟਾਈਮ ਆਉਂਦਾ ਹੈ, ਪਰ ਜੋ ਪਿਛਲੇ 4 ਸਾਲਾਂ ਤੋਂ ਜੋ ਦੌਰ ਚੱਲ ਰਿਹਾ ਹੈ, ਇਹ ਦੌਰ ਪੰਜਾਬ ਦੇ ਇਤਿਹਾਸ ਤੇ ਦੇਸ਼ ਦੇ ਇਤਿਹਾਸ ‘ਚ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਤੇ ਭਗਵੰਤ ਮਾਨ ਸਾਬ੍ਹ ਪ੍ਰਚਾਰ ਕਰਨ ਲਈ ਜਾਂਦੇ ਹੁੰਦੇ ਸਨ, ਤਾਂ ਅਸੀਂ ਲੋਕਾਂ ਨੂੰ ਗਾਰੰਟੀ ਦਿੰਦੇ ਹੁੰਦੇ ਸੀ। ਉਸ ਨੂੰ ਕੇਜਰੀਵਾਲ ਦੀ ਗਾਰੰਟੀ ਕਹਿੰਦੇ ਸਨ। ਉਸ ‘ਚ ਇੱਕ ਗਾਰੰਟੀ ਹੁੰਦੀ ਸੀ ਸਿਹਤ ਦੀ ਗਾਰੰਟੀ। ਉਸ ‘ਚ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਲੋਕਾਂ ਲਈ ਮੁਫ਼ਤ ਤੇ ਇੱਕ ਚੰਗੀ ਸਿਹਤ ਦਾ ਇੰਤਜ਼ਾਮ ਕਰਾਂਗਾ। ਲੋਕਾਂ ਨੂੰ ਯਕੀਨ ਨਹੀਂ ਹੁੰਦਾ ਸੀ, ਪਰ ਅਸੀਂ ਕਰ ਕੇ ਦੱਸਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment