ਤਰਨਤਾਰਨ: ਤਰਨਤਾਰਨ ਵਿਧਾਨ ਸਭਾ ਉਪ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਜ਼ਿਮਨੀ ਚੋਣ ਦੌਰਾਨ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਫਿਲਹਾਲ ਛੇਵੇਂ ਗੇੜ ’ਚ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਅੱਗੇ ਹਨ। ਹਾਲਾਂਕਿ ਪਹਿਲੇ ਤਿੰਨ ਦੌਰਾਂ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਲੀਡ ਹਾਸਲ ਕੀਤੀ। ਫਿਰ ਆਮ ਆਦਮੀ ਪਾਰਟੀ (ਆਪ) ਦੇ ਹਰਮੀਤ ਸੰਧੂ ਅੱਗੇ ਹੋ ਗਏ।
ਛੇਵੇਂ ਦੌਰ ਤੋਂ ਬਾਅਦ, ‘ਆਪ’ ਉਮੀਦਵਾਰ 892 ਵੋਟਾਂ ਨਾਲ ਅੱਗੇ ਹਨ। ਦੂਜੇ ਤੇ ਅਕਾਲੀ ਦਲ; ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਤੀਜੇ ਸਥਾਨ ‘ਤੇ, ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਦੀ ਪਾਰਟੀ ਅਕਾਲੀ ਦਲ-ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖਾਲਸਾ ਚੌਥੇ ਸਥਾਨ ‘ਤੇ ਅਤੇ ਭਾਜਪਾ ਉਮੀਦਵਾਰ ਹਰਜੀਤ ਸੰਧੂ ਪੰਜਵੇਂ ਸਥਾਨ ‘ਤੇ ਹਨ।
ਵੋਟਾਂ ਦੀ ਗਿਣਤੀ ਦੇ ਕੁੱਲ 16 ਰਾਊਂਡ ਹੋਣਗੇ। ਕਾਊਂਟਿੰਗ ਸੈਂਟਰ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਗਿਣਤੀ ਦੀ ਸਾਰੀ ਪ੍ਰੀਕ੍ਰਿਆ ਅਬਜ਼ਰਵਰ ਸਾਹਿਬਾਨ ਦੀ ਹਾਜ਼ਰੀ ਵਿੱਚ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਹੋ ਰਹੀ ਹੈ।
ਉਪ ਚੋਣ ਵਿੱਚ 60.95 ਪ੍ਰਤੀਸ਼ਤ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ।ਸਵੇਰੇ 9:00 ਵਜੇ ਤੱਕ ਵਿਧਾਨ ਸਭਾ ਹਲਕੇ ਵਿੱਚ 11 ਫ਼ੀਸਦੀ ਪੋਲਿੰਗ ਹੋਈ ਸੀ। ਉਸ ਤੋਂ ਬਾਅਦ 11:00 ਵਜੇ ਤੱਕ 23.05 ਫ਼ੀਸਦੀ, ਦੁਪਹਿਰ 1:00 ਵਜੇ ਤੱਕ 36.06 ਫ਼ੀਸਦੀ, ਬਾਅਦ ਦੁਪਹਿਰ 3:00 ਵਜੇ ਤੱਕ 47.48 ਫ਼ੀਸਦੀ ਅਤੇ ਸ਼ਾਮ ਪੰਜ ਵਜੇ ਤੱਕ 59.28 ਫ਼ੀਸਦੀ ਅਤੇ ਵੋਟਾਂ ਪੈਣ ਦੇ ਆਖ਼ਰੀ ਸਮੇਂ ਸ਼ਾਮ 6:00 ਵਜੇ ਤੱਕ 60.95 ਫ਼ੀਸਦੀ ਦੇ ਕਰੀਬ ਪੋਲਿੰਗ ਹੋਈ।
ਦੱਸ ਦਈਏ ਕਿ ਤਰਨਤਾਰਨ ਵਿੱਚ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰਿੰ: ਸੁਖਵਿੰਦਰ ਕੌਰ, ਭਾਰਤੀ ਜਨਤਾ ਪਾਰਟੀ ਤੋਂ ਹਰਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ, ਕਾਂਗਰਸ ਤੋਂ ਕਰਨਬੀਰ ਸਿੰਘ ਅਤੇ ਵਾਰਿਸ ਪੰਜਾਬ ਦੇ ਤੋਂ ਉਮੀਦਵਾਰ ਮਨਦੀਪ ਸਿੰਘ ਵਿਚਕਾਰ ਹੈ। ਤਰਨਤਾਰਨ ਸੀਟ ਜੂਨ 2025 ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਤਰਨਤਾਰਨ ਉਪ ਚੋਣ ਵਿੱਚ ਜਿੱਤ ਹਰ ਕਿਸੇ ਪਾਰਟੀ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ ਫਰਵਰੀ 2027 ਵਿੱਚ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਇਸ ਜਿੱਤ ਨੂੰ ਆਪਣੀ ਕਾਰਗੁਜ਼ਾਰੀ ਪ੍ਰੀਖਿਆ ਮੰਨਦੇ ਹੋਏ ਮੈਦਾਨ ਵਿੱਚ ਉਤਰੀਆਂ ਹਨ।

