ਨਿਊਜ਼ ਡੈਸਕ: ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲ੍ਹੇ ਦੇ ਕਾਸ਼ੀਬੁੱਗਾ ਵਿੱਚ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਸ਼ਨੀਵਾਰ ਨੂੰ ਏਕਾਦਸ਼ੀ ਮੌਕੇ ਭੀੜ ਵਧਣ ਕਾਰਨ ਭਗਦੜ ਮੱਚ ਗਈ। ਇਸ ਹਾਦਸੇ ਵਿੱਚ 9 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕੁਝ ਦੀ ਹਾਲਤ ਨਾਜ਼ੁਕ ਹੈ। ਮੌਤਾਂ ਵਧਣ ਦੀ ਸੰਭਾਵਨਾ ਵੀ ਹੈ।
ਜਾਣਕਾਰੀ ਮੁਤਾਬਕ ਮੰਦਰ ਕੰਪਲੈਕਸ ਦੇ ਪ੍ਰਵੇਸ਼ ਦੁਆਰ ਨੇੜੇ ਅਚਾਨਕ ਭੀੜ ਦਾ ਦਬਾਅ ਵਧ ਗਿਆ, ਜਿਸ ਨਾਲ ਹੜਕੰਪ ਮੱਚ ਗਿਆ। ਰੇਲਿੰਗ ਟੁੱਟ ਗਈ ਅਤੇ ਲੋਕ ਭੀੜ ਵਿੱਚ ਕੁਚਲੇ ਗਏ। ਵੀਡੀਓ ਵਿੱਚ ਪੌੜੀਆਂ ‘ਤੇ ਔਰਤਾਂ, ਬੱਚੇ ਅਤੇ ਬਜ਼ੁਰਗਾਂ ਦੀ ਭੀੜ ਦਿਖਾਈ ਦਿੱਤੀ। ਬਚਾਅ ਕਰਦੇ ਲੋਕ ਵੀ ਨਜ਼ਰ ਆਏ। ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ।
ਮੁੱਖ ਮੰਤਰੀ ਨੇ ਪ੍ਰਗਟ ਕੀਤਾ ਦੁੱਖ
ਆਂਧਰਾ ਪ੍ਰਦੇਸ਼ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਘਟਨਾ ‘ਤੇ ਦੁੱਖ ਜਤਾਇਆ। ਉਨ੍ਹਾਂ ਨੇ ਲਿਖਿਆ: “ਕਾਸ਼ੀਬੁੱਗਾ ਵੈਂਕਟੇਸ਼ਵਰ ਮੰਦਰ ਵਿੱਚ ਭਗਦੜ ਦੁਖਦਾਈ ਹੈ। ਜਾਨਾਂ ਦਾ ਨੁਕਸਾਨ ਦਿਲ ਦਹਿਲਾਉਣ ਵਾਲਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ। ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਨਿਰਦੇਸ਼ ਦਿੱਤੇ।” ਖੇਤੀਬਾੜੀ ਮੰਤਰੀ ਕੇ. ਅਤਚੰਨਾਇਡੂ ਮੌਕੇ ‘ਤੇ ਪਹੁੰਚੇ ਅਤੇ ਵਾਧੂ ਪੁਲਿਸ ਤਾਇਨਾਤ ਕੀਤੀ ਗਈ।
ਗ੍ਰਹਿ ਮੰਤਰੀ ਨੇ ਦੱਸਿਆ ਕਾਰਨ
ਗ੍ਰਹਿ ਮੰਤਰੀ ਅਨੀਤਾ ਨੇ ਕਿਹਾ ਕਿ ਹਰ ਹਫ਼ਤੇ 1500-2000 ਸ਼ਰਧਾਲੂ ਆਉਂਦੇ ਹਨ, ਪਰ ਏਕਾਦਸ਼ੀ ‘ਤੇ ਭੀੜ ਵੱਧ ਗਈ। ਮੰਦਰ ਪਹਿਲੀ ਮੰਜ਼ਿਲ ‘ਤੇ ਹੈ ਅਤੇ 20 ਪੌੜੀਆਂ ਹਨ। ਧੱਕਾ-ਮੁੱਕੀ ਵਿੱਚ ਰੇਲਿੰਗ ਟੁੱਟੀ ਅਤੇ ਭਗਦੜ ਮੱਚ ਗਈ।

