ਅੰਮ੍ਰਿਤਸਰ: ਕਸ਼ਮੀਰ ਦੀ ਸਿੱਖ ਸੰਗਤ ਨੇ ਇਨਸਾਨੀਅਤ ਅਤੇ ਸੇਵਾ ਦਾ ਸ਼ਾਨਦਾਰ ਉਦਾਹਰਣ ਪੇਸ਼ ਕੀਤਾ ਹੈ। ਕਸ਼ਮੀਰ ਦੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਤੀਨਿਧੀ ਅੰਮ੍ਰਿਤਸਰ ਪਹੁੰਚੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉੱਤੇ ਕਸ਼ਮੀਰ ਦੀ ਸਿੱਖ ਸੰਗਤ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ 79 ਲੱਖ 50 ਹਜ਼ਾਰ ਰੁਪਏ ਦੀ ਰਕਮ ਸ਼੍ਰੋਮਣੀ ਕਮੇਟੀ ਨੂੰ ਭੇਂਟ ਕੀਤੀ ਗਈ।
SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਸ਼ਮੀਰ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੀ ਸਿੱਖ ਸੰਗਤ ਨੇ ਹੜ੍ਹ ਪ੍ਰਭਾਵਿਤ ਪੰਜਾਬ ਦੇ ਲੋਕਾਂ ਲਈ ਜੋ ਸਹਿਯੋਗ ਦਿੱਤਾ ਹੈ, ਉਹ ਗੁਰੂ ਸਾਹਿਬਾਨ ਦੀ ਇਨਸਾਨੀਅਤ ਅਤੇ ਸੇਵਾ ਦੀ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਸਦਾ ਹੀ ਸੇਵਾ ਤੇ ਭਾਵਨਾ ਦੀ ਪ੍ਰੇਰਨਾ ਦਿੰਦੀ ਹੈ ਅਤੇ ਕਸ਼ਮੀਰ ਦੀ ਸੰਗਤ ਦੀ ਇਹ ਪਹਿਲ ਸਿੱਖ ਇਕਤਾ ਅਤੇ ਇਨਸਾਨੀ ਪ੍ਰੇਮ ਦਾ ਸੁੰਦਰ ਸੰਦੇਸ਼ ਹੈ।
ਕਸ਼ਮੀਰ ਦੇ ਸਿੱਖ ਆਗੂ ਗੁਰਜੀਤ ਸਿੰਘ, ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਕਮੇਟੀ ਬਡਗਾਮ ਨੇ ਦੱਸਿਆ ਕਿ ਕਸ਼ਮੀਰ ਦੀ ਸਿੱਖ ਸੰਗਤ ਨੇ ਗੁਰੂ ਘਰਾਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ, “ਪੰਜਾਬ ਸਾਡਾ ਆਪਣਾ ਹੈ। ਹੜ੍ਹ ਪੀੜਤਾਂ ਦੀ ਸਹਾਇਤਾ ਕਰਨਾ ਸਾਡਾ ਫ਼ਰਜ਼ ਹੀ ਨਹੀਂ, ਸਗੋਂ ਗੁਰੂ ਦੀ ਬਖ਼ਸ਼ੀ ਹੋਈ ਸੇਵਾ ਦਾ ਹਿੱਸਾ ਵੀ ਹੈ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

			