ਗੁਰਦਾਸਪੁਰ: ਅਮਰੀਕਾ ਦੇ ਕੈਲੀਫੋ਼ਰਨੀਆ ‘ਚ ਬੁੱਧਵਾਰ ਨੂੰ ਵਾਪਰੇ ਹਾਦਸੇ ’ਚ ਇਕ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬੀ ਟਰੱਕ ਡਰਾਈਵਰ ਨੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਕਈ ਜ਼ਖ਼ਮੀ ਹੋ ਗਏ। ਅਮਰੀਕਾ ਪੁਲਿਸ ਨੇ ਜਸ਼ਨਪ੍ਰੀਤ ‘ਤੇ ਨਸ਼ੇ ਦੀ ਹਾਲਤ ਵਿਚ ਹੋਣ ਦਾ ਦਾਅਵਾ ਕੀਤਾ।
ਹੁਣ ਉਸਦੇ ਮੂਲ ਪਿੰਡ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਵਿੱਚ ਪਿੰਡ ਵਾਸੀ ਅਤੇ ਪਰਿਵਾਰ ਜਸ਼ਨਪ੍ਰੀਤ ਦੇ ਹੱਕ ਵਿੱਚ ਖੁੱਲ ਕੇ ਸਾਹਮਣੇ ਆਏ ਹਨ ਅਤੇ ਉਸ ਉੱਤੇ ਲਗੇ ਨਸ਼ੇ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ।ਜਸ਼ਨਪ੍ਰੀਤ ਸਿੰਘ ਦੇ ਪਿਤਾ ਰਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਵਿੱਚ ਕਿਹਾ ਕਿ ਉਸਦਾ ਪੁੱਤਰ ਬਚਪਨ ਤੋਂ ਹੀ ਗੁਰਸਿੱਖ ਹੈ ਅਤੇ ਅੰਮ੍ਰਿਤਧਾਰੀ ਹੋਣ ਦੇ ਨਾਲ ਕਦੇ ਵੀ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਸ਼ਨਪ੍ਰੀਤ ਇੱਕ ਹੋਣਹਾਰ ਤੇ ਸੁਭਾਅ ਦਾ ਚੰਗਾ ਨੌਜਵਾਨ ਹੈ। “ਉਸ ਤੇ ਝੂਠੇ ਦੋਸ਼ ਲਗਾ ਕੇ ਉਸਦੀ ਛਵੀ ਤੇ ਸਿੱਖ ਧਰਮ ਨੂੰ ਨਾਜਾਇਜ਼ ਤੌਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਵਿੰਦਰ ਸਿੰਘ ਨੇ ਹਾਦਸੇ ਵਿੱਚ ਮਾਰੇ ਗਏ ਤਿੰਨ ਲੋਕਾਂ — ਇੱਕ ਔਰਤ ਅਤੇ ਦੋ ਬੱਚਿਆਂ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਇੱਕ ਦੁਖਦਾਈ ਹਾਦਸਾ ਸੀ ਜੋ ਕਿਸੇ ਨਾਲ ਵੀ ਵਾਪਰ ਸਕਦਾ ਹੈ। ਪਿੰਡ ਵਾਸੀਆਂ ਨੇ ਵਾਹਿਗੁਰੂ ਅੱਗੇ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ। ਉਹਨਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਵਿੱਚ ਦਖਲ ਕਰਦੇ ਹੋਏ ਅਮਰੀਕਾ ਦੀ ਸਰਕਾਰ ਅਤੇ ਕੈਲੀਫੋਰਨੀਆ ਪੁਲਿਸ ਨਾਲ ਗਹਿਰਾਈ ਨਾਲ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਕਿਸੇ ਧਰਮ ਨੂੰ ਨਾਜਾਇਜ਼ ਤੌਰ ਤੇ ਬਦਨਾਮ ਨਾ ਕੀਤਾ ਜਾ ਸਕੇ।

