ਲੁਧਿਆਣਾ: ਵੇਰਕਾ ਮਿਲਕ ਪਲਾਂਟ ਵਿੱਚ ਬੁੱਧਵਾਰ ਦੇਰ ਰਾਤ ਧਮਾਕਾ ਹੋਣ ਕਾਰਨ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਅਤੇ 5 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਰਘੁਨਾਥ ਚੌਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਐਅਰ ਹੀਟਰ ਵਿੱਚ ਗੈਸ ਬਣਨ ਕਾਰਨ ਹੋਇਆ। ਧਮਾਕੇ ਨਾਲ ਅੱਗ ਵੀ ਲੱਗ ਗਈ, ਜਿਸ ਨੂੰ ਫਾਇਰ ਬ੍ਰਿਗੇਡ ਨੇ ਬੁਝਾ ਦਿੱਤਾ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਅਤੇ ਪੰਜ ਜ਼ਖਮੀ ਹਨ।
ਜ਼ਖਮੀਆਂ ਦੀ ਪਛਾਣ ਕਲਵੰਤ ਸਿੰਘ, ਅਜੀਤ ਸਿੰਘ, ਪੁਨੀਤ ਕੁਮਾਰ, ਦਵਿੰਦਰ ਸਿੰਘ ਅਤੇ ਗੁਰਤੇਜ ਵਜੋਂ ਹੋਈ ਹੈ। ਮ੍ਰਿਤਕ ਮੁਲਾਜ਼ਮ ਦਾ ਨਾਮ ਕੁਨਾਲ ਜੈਨ ਸੀ, ਜੋ ਹੈਬੋਵਾਲ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਉਮਰ 42 ਸਾਲ ਸੀ। ਉਸ ਦੀ ਪਤਨੀ ਵੀ ਇਸੇ ਪਲਾਂਟ ਵਿੱਚ ਕੰਮ ਕਰਦੀ ਹੈ।
ਧਮਾਕੇ ਦਾ ਕਾਰਨ: ਬੁਆਇਲਰ ਦੀ ਜਾਂਚ ਦੌਰਾਨ ਹਾਦਸਾ
ਕੁਨਾਲ ਜੈਨ ਦੇ ਦੋਸਤ ਸੁਧੀਰ ਜੈਨ ਨੇ ਦੱਸਿਆ ਕਿ ਰਾਤ ਨੂੰ ਉਹ ਸਾਰੇ ਇੱਕ ਜਨਮਦਿਨ ਪਾਰਟੀ ਵਿੱਚ ਸਨ। ਇਸ ਦੌਰਾਨ ਕੁਨਾਲ ਨੂੰ ਪਲਾਂਟ ਦੇ ਮੈਨੇਜਰ ਦਾ ਫੋਨ ਆਇਆ ਅਤੇ ਉਸ ਨੂੰ ਬੁਆਇਲਰ ਚੈੱਕ ਕਰਨ ਲਈ ਬੁਲਾਇਆ ਗਿਆ। ਸੁਧੀਰ ਨੇ ਕਿਹਾ ਕਿ ਕੁਨਾਲ ਦੀ ਛੁੱਟੀ ਸੀ, ਪਰ ਫਿਰ ਵੀ ਉਸ ਨੂੰ ਰਾਤ ਨੂੰ ਬੁਲਾਇਆ ਗਿਆ। ਪਲਾਂਟ ਵਿੱਚ 450 ਕਿਲੋ ਦੇ ਸਿਲੰਡਰ ਹਨ, ਅਤੇ ਵਿਸ਼ਵਕਰਮਾ ਪੂਜਾ ਤੋਂ ਬਾਅਦ ਰਾਤ ਨੂੰ ਬੁਆਇਲਰ ਦਾ ਟ੍ਰਾਇਲ ਲੈਣ ਦੌਰਾਨ ਧਮਾਕਾ ਹੋ ਗਿਆ।
ਸਤਬੀਰ ਨੇ ਦੱਸਿਆ ਕਿ ਕੁਨਾਲ ਨੇ ਰਾਤ ਨੂੰ ਟ੍ਰਾਇਲ ਲੈਣ ਤੋਂ ਮਨ੍ਹਾ ਕੀਤਾ ਸੀ ਅਤੇ ਸਵੇਰੇ ਟ੍ਰਾਇਲ ਕਰਨ ਦੀ ਗੱਲ ਕਹੀ ਸੀ। ਹਾਦਸੇ ਤੋਂ ਬਾਅਦ ਦੋ ਜ਼ਖਮੀਆਂ ਨੂੰ ਪਹਿਲਾਂ ਰਘੁਨਾਥ ਹਸਪਤਾਲ ਵਿੱਚ ਰੱਖਿਆ ਗਿਆ, ਫਿਰ ਡੀਐਮਸੀ ਲਿਜਾਇਆ ਗਿਆ। ਕੁਨਾਲ ਪੱਕਾ ਮੁਲਾਜ਼ਮ ਸੀ, ਜਦਕਿ ਉਸ ਦੀ ਪਤਨੀ ਕੰਟਰੈਕਟ ’ਤੇ ਕੰਮ ਕਰਦੀ ਹੈ। ਸੁਧੀਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਪੂਰੀ ਜਾਂਚ ਹੋਵੇ ਅਤੇ ਕੁਨਾਲ ਦੇ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।
ਪਲਾਂਟ ਦੇ ਜੀਐਮ ਦਾ ਬਿਆਨ
ਵੇਰਕਾ ਪਲਾਂਟ ਦੇ ਜੀਐਮ ਦਲਜੀਤ ਸਿੰਘ ਨੇ ਕਿਹਾ ਕਿ ਇਸ ਹਾਦਸੇ ਵਿੱਚ ਅਸੀਂ ਆਪਣਾ ਬੁਆਇਲਰ ਇੰਚਾਰਜ ਗੁਆ ਲਿਆ। ਚਾਰ ਹੋਰ ਜ਼ਖਮੀ ਹੋ ਗਏ ਹਨ। ਜਾਂਚ ਲਈ ਤਕਨੀਕੀ ਟੀਮ ਬਣਾਈ ਗਈ ਹੈ ਅਤੇ ਰਿਪੋਰਟ ਜਲਦ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੁਨਾਲ ਨੂੰ ਦਬਾਅ ਨਹੀਂ ਪਾਇਆ ਗਿਆ, ਉਹ ਆਪਣੇ ਕੰਮ ਪ੍ਰਤੀ ਸਮਰਪਿਤ ਸੀ। ਉਹ ਦਿਨ ਵੇਲੇ ਆਇਆ ਅਤੇ ਬਾਇਲਰ ਦਾ ਟ੍ਰਾਇਲ ਕਰਨ ਦੀ ਗੱਲ ਕਹੀ। ਉਸ ਦੀ ਹਾਲ ਹੀ ਵਿੱਚ ਤਰੱਕੀ ਹੋਈ ਸੀ। ਮਿਲਕ ਪਾਊਡਰ ਪਲਾਂਟ ਸ਼ੁਰੂ ਕਰਨ ਦੀ ਤਿਆਰੀ ਸੀ, ਅਤੇ ਪਹਿਲਾਂ ਅਜਿਹਾ ਧਮਾਕਾ ਨਹੀਂ ਹੋਇਆ।