ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਦੱਸਿਆ ਕਿ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਡਿਜੀਟਲ ਯੁੱਗ ਦਾ ਹਾਣੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 98 ਕਰੋੜ ਰੁਪਏ ਦੀ ਲਾਗਤ ਨਾਲ 8230 ਤੋਂ ਵੱਧ ਅਤਿ-ਆਧੁਨਿਕ ਇੰਟਰਐਕਟਿਵ ਫਲੈਟ ਪੈਨਲ (ਆਈ.ਐਫ.ਪੀਜ਼) ਲਗਾਏ ਜਾਣਗੇ, ਜਿਸ ਦਾ ਉਦੇਸ਼ ਕਲਾਸਰੂਮਾਂ ਵਿੱਚ ਸਿੱਖਿਅਕ ਗਤੀਵਿਧੀਆਂ ਨੂੰ ਹੋਰ ਦਿਲਚਸਪ ਬਣਾਉਣਾ, ਸੰਕਲਪ ਨੂੰ ਬਿਹਤਰ ਢੰਗ ਨਾਲ ਸਮਝਾਉਣਾ ਅਤੇ ਸਿੱਖਣ ਦੇ ਨਤੀਜਿਆਂ ਵਿੱਚ ਹੋਰ ਵਾਧਾ ਕਰਨਾ ਹੈ।
ਇਸ ਅਹਿਮ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ 3,600 ਸਰਕਾਰੀ ਸਕੂਲ ਵਿੱਚ ਅਤਿ-ਆਧੁਨਿਕ ਇੰਟਰਐਕਟਿਵ ਫਲੈਟ ਪੈਨਲ (ਆਈ.ਐਫ.ਪੀਜ਼) ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮਾਰਚ 2026 ਤੱਕ, ਇਹ ਪਹਿਲਕਦਮੀ ਲੱਖਾਂ ਵਿਦਿਆਰਥੀਆਂ ਲਈ ਸਿੱਖਣ ਪ੍ਰਣਾਲੀ ਵਿੱਚ ਅਹਿਮ ਬਦਲਾਅ ਲਿਆਵੇਗੀ ਅਤੇ ਰਵਾਇਤੀ ਸਿੱਖਿਆ ਵਿਧੀਆਂ ਦੀ ਥਾਂ ਗਤੀਸ਼ੀਲ, ਇੰਟਰਐਕਟਿਵ ਡਿਜੀਟਲ ਕਲਾਸਰੂਮ ਪੇਸ਼ ਕਰੇਗੀ।