ਮੋਹਾਲੀ: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਅਚਾਨਕ ਬਹੁਤ ਨਾਜ਼ੁਕ ਬਣ ਗਈ ਹੈ। ਉਹ 27 ਸਤੰਬਰ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ।
ਜਵੰਦਾ ਦੇ ਜੱਦੀ ਪਿੰਡ ਪੂਨਾ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਹਾਲਾਂਕਿ, ਪਰਿਵਾਰ ਨੇ ਉਨ੍ਹਾਂ ਦੀ ਮੌਤ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਫੋਰਟਿਸ ਹਸਪਤਾਲ ਵੱਲੋਂ ਜਲਦੀ ਹੀ ਰਸਮੀ ਜਾਣਕਾਰੀ ਜਾਰੀ ਕੀਤੇ ਜਾਣ ਦੀ ਉਮੀਦ ਹੈ। ਖ਼ਬਰ ਮਿਲਣ ‘ਤੇ, ਮੋਹਾਲੀ ਪੁਲਿਸ ਨੇ ਹਸਪਤਾਲ ਦੇ ਬਾਹਰ ਸੁਰੱਖਿਆ ਵਧਾ ਦਿੱਤੀ।
ਹਸਪਤਾਲ ਦੇ ਬਾਹਰ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੇ ਨਜ਼ਦੀਕੀਆਂ ਦੇ ਅਨੁਸਾਰ, ਉਨ੍ਹਾਂ ਦੀ ਦੇਹ ਨੂੰ ਸਿੱਧਾ ਉਨ੍ਹਾਂ ਦੇ ਜੱਦੀ ਪਿੰਡ ਪੂਨਾ, ਜਗਰਾਉਂ, ਲੁਧਿਆਣਾ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਸਾਂਝੀ ਕੀਤੀ। ਪੰਜਾਬੀ ਅਦਾਕਾਰ ਬੀ.ਐਨ. ਸ਼ਰਮਾ ਨੇ ਕਿਹਾ, “ਇਹ ਬਹੁਤ ਦੁਖਦਾਈ ਖ਼ਬਰ ਹੈ। ਹਰ ਕੋਈ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਿਹਾ ਸੀ, ਪਰ ਅਜਿਹਾ ਨਹੀਂ ਹੋਣਾ ਸੀ।”
ਯਾਦ ਰਹੇ, 27 ਸਤੰਬਰ ਨੂੰ ਬਾਈਕ ਰਾਈਡਿੰਗ ਦੌਰਾਨ ਬੱਦੀ ਤੋਂ ਸ਼ਿਮਲਾ ਜਾਂਦੇ ਵੇਲੇ ਪਿੰਜੌਰ ਵਿੱਚ ਉਹਨਾਂ ਨੂੰ ਗੰਭੀਰ ਹਾਦਸਾ ਹੋ ਗਿਆ ਸੀ। ਹਸਪਤਾਲ ਲਿਆਂਦੇ ਵੇਲੇ ਉਹਨਾਂ ਨੂੰ ਹਾਰਟ ਅਟੈਕ ਵੀ ਆ ਗਿਆ ਸੀ। ਹਾਦਸੇ ਦਾ ਕਾਰਨ ਦੋ ਸਾਂਢਾਂ ਦੀ ਝਗੜੇ ਵਿੱਚ ਸੜਕ ‘ਤੇ ਆਉਣਾ ਵੀ ਦੱਸਿਆ ਜਾ ਰਿਹਾ ਹੈ।
8 ਦਿਨਾਂ ਦੇ ਜਾਰੀ ਕੀਤੇ ਗਏ ਮੈਡੀਕਲ ਬੁਲੇਟਿਨ ਦੀ ਰਿਪੋਰਟ
27 ਸਤੰਬਰ: ਦੁਪਹਿਰ 1:45 ਵਜੇ ਰਾਜਵੀਰ ਨੂੰ ਹਸਪਤਾਲ ਲਿਆਂਦਾ ਗਿਆ। ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਸਨ। ਉਨ੍ਹਾਂ ਨੂੰ ਤੁਰੰਤ ਐਡਵਾਂਸਡ ਲਾਈਫ ਸਪੋਰਟ ‘ਤੇ ਰੱਖਿਆ ਗਿਆ। ਡਾਕਟਰਾਂ ਅਨੁਸਾਰ, ਉਨ੍ਹਾਂ ਨੂੰ ਪਹਿਲਾਂ ਕਾਰਡੀਆਕ ਅਰੈਸਟ ਵੀ ਹੋਇਆ ਸੀ।
28 ਸਤੰਬਰ: ਵੈਂਟੀਲੇਟਰ ਸਪੋਰਟ ਜਾਰੀ। ਨਿਊਰੋਸਰਜਨ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਟੀਮ ਇਲਾਜ ਕਰ ਰਹੀ ਹੈ। ਹਾਲਤ ਵਿੱਚ ਕੋਈ ਸੁਧਾਰ ਨਹੀਂ।
29 ਸਤੰਬਰ: ਹਾਲਤ ਵਿੱਚ ਮਾਮੂਲੀ ਸੁਧਾਰ, ਪਰ ਵੈਂਟੀਲੇਟਰ ਸਪੋਰਟ ਜਾਰੀ। 24 ਘੰਟੇ ਨਿਗਰਾਨੀ ਜਾਰੀ।
30 ਸਤੰਬਰ: ਸਰੀਰ ਵਿੱਚ ਆਕਸੀਜਨ ਦੀ ਕਮੀ। ਰੀੜ੍ਹ ਦੀ ਹੱਡੀ ਦੀ MRI ਵਿੱਚ ਗਰਦਨ ਅਤੇ ਪਿੱਠ ਵਿੱਚ ਡੂੰਘੀਆਂ ਸੱਟਾਂ ਦਾ ਪਤਾ ਲੱਗਾ। ਹੱਥ-ਪੈਰਾਂ ਵਿੱਚ ਕਮਜ਼ੋਰੀ। ਲੰਬੇ ਸਮੇਂ ਤੱਕ ਵੈਂਟੀਲੇਟਰ ਦੀ ਲੋੜ।
1 ਅਕਤੂਬਰ: ਨਿਊਰੋਲੌਜੀਕਲ ਹਾਲਤ ਅਜੇ ਵੀ ਗੰਭੀਰ। ਕੋਈ ਵੱਡਾ ਸੁਧਾਰ ਨਹੀਂ।
2 ਅਕਤੂਬਰ: ਅਜੇ ਵੀ ਲਾਈਫ ਸਪੋਰਟ ਸਿਸਟਮ ‘ਤੇ ਹਨ। ਨਿਊਰੋਲੋਜੀਕਲ ਸਥਿਤੀ ਵਿੱਚ ਕੋਈ ਵਿਸ਼ੇਸ਼ ਸੁਧਾਰ ਨਹੀਂ। ਦਿਲ ਦੇ ਸਹੀ ਕੰਮ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਡਾਕਟਰਾਂ ਨੇ ਕਿਹਾ- ਹਾਲੇ ਕੁਝ ਵੀ ਕਹਿਣਾ ਮੁਸ਼ਕਿਲ ਹੈ।
3 ਅਕਤੂਬਰ: ਰਾਜਵੀਰ ਨੂੰ ਲਾਈਫ ਸਪੋਰਟ (ਵੈਂਟੀਲੇਟਰ) ‘ਤੇ ਰੱਖਿਆ ਗਿਆ ਹੈ ਤਾਂ ਜੋ ਉਹਨਾਂ ਦਾ ਦਿਲ ਧੜਕਦਾ ਰਹੇ। ਉਹਨਾਂ ਨੂੰ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਆਈਆਂ ਹਨ, ਜਿਸ ਕਾਰਨ ਸਰੀਰ ਦਾ ਕੋਈ ਹੋਰ ਅੰਗ ਸਹੀ ਨਹੀਂ ਚੱਲ ਰਿਹਾ।