ਜਲੰਧਰ: ਜਲੰਧਰ ਨੇੜ੍ਹੇ ਭਟਨੂਰਾ ਲੁਬਾਣਾ ਪਿੰਡ ਦਾ ਨੌਜਵਾਨ ਅਰਵਿੰਦਰ ਸਿੰਘ (29) ਇੰਗਲੈਂਡ ਜਾਣ ਦੀ ਕੋਸ਼ਿਸ਼ ਦੌਰਾਨ ਲਾਪਤਾ ਹੋ ਗਿਆ ਹੈ। ਉਹ ਲਗਭਗ 80 ਲੋਕਾਂ ਦੇ ਇੱਕ ਸਮੂਹ ਦਾ ਹਿੱਸਾ ਸੀ, ਜੋ 1 ਅਕਤੂਬਰ ਨੂੰ ਫਰਾਂਸ ਤੋਂ ਕਿਸ਼ਤੀ ਨਾਲ ਇੰਗਲੈਂਡ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਰਸਤੇ ਵਿੱਚ ਕਿਸ਼ਤੀ ਪਲਟ ਗਈ ਅਤੇ ਅਰਵਿੰਦਰ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ।
ਪਰਿਵਾਰ ਅਨੁਸਾਰ, ਇਹ ਵਾਕਿਆ ਉਹਨਾਂ ਨੂੰ 2 ਅਕਤੂਬਰ ਨੂੰ ਪਤਾ ਚੱਲਿਆ ਜਦੋਂ ਕਪੂਰਥਲੇ ਨੇੜੇ ਚੌਹਾਣਾ ਪਿੰਡ ਦਾ ਇੱਕ ਨੌਜਵਾਨ, ਜੋ ਉਸੇ ਕਿਸ਼ਤੀ ਵਿੱਚ ਸਵਾਰ ਸੀ, ਨੇ ਫ਼ੋਨ ਕਰਕੇ ਦੱਸਿਆ ਕਿ ਕਿਸ਼ਤੀ ਡੁੱਬਣ ਤੋਂ ਬਾਅਦ ਸਾਰਿਆਂ ਨੂੰ ਬਚਾ ਲਿਆ ਗਿਆ, ਪਰ ਅਰਵਿੰਦਰ ਦਾ ਕੋਈ ਪਤਾ ਨਹੀਂ ਲੱਗਿਆ।
ਵਰਕ ਪਰਮਿਟ ‘ਤੇ ਗਿਆ ਸੀ ਪੁਰਤਗਾਲ
ਅਰਵਿੰਦਰ ਦੇ ਛੋਟੇ ਭਰਾ ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹ 18 ਮਈ ਨੂੰ ਵਰਕ ਪਰਮਿਟ ਵੀਜ਼ਾ ਤੇ ਪੁਰਤਗਾਲ ਗਿਆ ਸੀ ਅਤੇ ਉੱਥੇ ਹੀ ਰਹਿ ਰਿਹਾ ਸੀ। 5 ਸਤੰਬਰ ਨੂੰ ਉਸ ਦੀ ਬਾਇਓਮੈਟ੍ਰਿਕ ਪ੍ਰਕਿਰਿਆ ਵੀ ਪੂਰੀ ਹੋ ਗਈ ਸੀ। ਪਰ ਉੱਥੇ ਕੁਝ ਨੌਜਵਾਨਾਂ ਨਾਲ ਮਿਲਣ ਤੋਂ ਬਾਅਦ ਉਸ ਨੇ ਇੰਗਲੈਂਡ ਪਹੁੰਚਣ ਦਾ ਪਲਾਨ ਬਣਾ ਲਿਆ। ਪਹਿਲਾਂ ਉਹਨਾਂ ਨੇ ਟਰੱਕ ਨਾਲ ਜਾਣ ਦੀ ਕੋਸ਼ਿਸ਼ ਕੀਤੀ, ਪਰ ਟਰੱਕ ਡਰਾਈਵਰ ਨੇ ਮਨ੍ਹਾ ਕਰ ਦਿੱਤਾ।
ਇਸ ਤੋਂ ਬਾਅਦ ਉਹਨਾਂ ਨੇ ਕਿਸ਼ਤੀ ਨਾਲ ਜਾਣ ਦੀ ਯੋਜਨਾ ਬਣਾਈ। ਪਰਿਵਾਰ ਨੇ ਉਸ ਨੂੰ ਅਜਿਹਾ ਖ਼ਤਰਨਾਕ ਕਦਮ ਨਾ ਚੁੱਕਣ ਦੀ ਸਲਾਹ ਦਿੱਤੀ ਸੀ। ਅਖੀਰ ਵਾਰ ਅਰਵਿੰਦਰ ਨੇ 29 ਸਤੰਬਰ ਨੂੰ ਘਰ ਫ਼ੋਨ ਕੀਤਾ ਸੀ ਅਤੇ ਕਿਸ਼ਤੀ ਰਾਹੀਂ ਯਾਤਰਾ ਬਾਰੇ ਕੁਝ ਨਹੀਂ ਦੱਸਿਆ। 2 ਦਿਨ ਬਾਅਦ ਪਰਿਵਾਰ ਨੂੰ ਪਤਾ ਚੱਲਿਆ ਕਿ ਉਹ ਉਸੇ ਕਿਸ਼ਤੀ ਵਿੱਚ ਸੀ ਜੋ ਇੰਗਲਿਸ਼ ਚੈਨਲ ਵਿੱਚ ਪਲਟ ਗਈ।
ਵਿਧਾਇਕ ਕੋਟਲੀ ਕੇਂਦਰ ਸਰਕਾਰ ਨਾਲ ਸੰਪਰਕ ਕਰ ਰਹੇ ਹਨ
ਕਪੂਰਥਲੇ ਨੇੜ੍ਹੇ ਚੌਹਾਣਾ ਪਿੰਡ ਦੇ ਨੌਜਵਾਨ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਕਿਸ਼ਤੀ ਵਿੱਚ ਕੁੱਲ 5 ਪੰਜਾਬੀ ਨੌਜਵਾਨ ਸਨ, ਜਿਨ੍ਹਾਂ ਵਿੱਚੋਂ ਚਾਰ ਨੂੰ ਬਚਾ ਲਿਆ ਗਿਆ, ਪਰ ਅਰਵਿੰਦਰ ਲਾਪਤਾ ਹੈ। ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਰਾਜ ਅਤੇ ਕੇਂਦਰ ਸਰਕਾਰ ਨਾਲ ਸੰਪਰਕ ਕਰਨਗੇ ਤਾਂ ਜੋ ਅਰਵਿੰਦਰ ਦੀ ਭਾਲ ਵਿੱਚ ਮਦਦ ਮਿਲ ਸਕੇ।