ਲੇਹ: ਲੱਦਾਖੀ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਲੇਹ ਵਿੱਚ ਹੋਈ ਹਿੰਸਾ ਦੇ ਮੱਦੇਨਜ਼ਰ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਅਧੀਨ ਅੱਜ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀ ਹੁਣ ਵਾਂਗਚੁਕ ਨੂੰ ਜੇਲ੍ਹ ਤਬਦੀਲ ਕਰਨ ਜਾਂ ਹੋਰ ਪ੍ਰਬੰਧਾਂ ਬਾਰੇ ਫੈਸਲਾ ਲੈ ਰਹੇ ਹਨ। ਵਾਂਗਚੁਕ ‘ਤੇ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ਦਾ ਦੋਸ਼ ਹੈ।
ਗ੍ਰਹਿ ਮੰਤਰਾਲੇ ਨੇ ਸੋਨਮ ਵਾਂਗਚੁਕ ‘ਤੇ ਭੜਕਾਊ ਬਿਆਨਾਂ ਨਾਲ ਭੀੜ ਨੂੰ ਉਕਸਾਉਣ ਦਾ ਇਲਜ਼ਾਮ ਲਗਾਇਆ, ਜਿਸ ਨਾਲ ਪ੍ਰਦਰਸ਼ਨ ਹਿੰਸਕ ਹੋ ਗਏ। ਮੰਤਰਾਲੇ ਮੁਤਾਬਕ, ਵਾਂਗਚੁਕ ਨੇ ਅਰਬ ਸਪਰਿੰਗ ਅਤੇ ਨੇਪਾਲ ਦੇ ਜਨਰਲ-ਜ਼ੈਡ ਅੰਦੋਲਨਾਂ ਦਾ ਜ਼ਿਕਰ ਕਰਕੇ ਨੌਜਵਾਨਾਂ ਨੂੰ ਭੜਕਾਇਆ, ਜਿਸ ਕਾਰਨ ਲੇਹ ਵਿੱਚ ਭਾਜਪਾ ਦਫਤਰ ਅਤੇ ਸਰਕਾਰੀ ਵਾਹਨਾਂ ਨੂੰ ਅੱਗ ਲਗਾਈ ਗਈ। ਮੰਤਰਾਲੇ ਨੇ ਕਿਹਾ ਕਿ 24 ਸਤੰਬਰ ਨੂੰ ਸਵੇਰੇ 11:30 ਵਜੇ ਵਾਂਗਚੁਕ ਦੇ ਭਾਸ਼ਣ ਤੋਂ ਬਾਅਦ, ਭੀੜ ਨੇ ਉਨ੍ਹਾਂ ਦੀ ਭੁੱਖ ਹੜਤਾਲ ਵਾਲੀ ਥਾਂ ਛੱਡ ਕੇ ਭਾਜਪਾ ਅਤੇ ਸੀਈਸੀ ਦਫਤਰਾਂ ‘ਤੇ ਹਮਲਾ ਕੀਤਾ।
ਲੇਹ ਵਿੱਚ ਮੋਬਾਈਲ ਇੰਟਰਨੈਟ ਬੰਦ, ਸੁਰੱਖਿਆ ਸਖਤ
ਸੋਨਮ ਵਾਂਗਚੁਕ ਨੂੰ ਲੱਦਾਖ ਪੁਲਿਸ ਦੀ ਇੱਕ ਟੀਮ ਨੇ ਡੀਜੀਪੀ ਐਸਡੀ ਸਿੰਘ ਜਾਮਵਾਲ ਦੀ ਅਗਵਾਈ ਵਿੱਚ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ ਬਾਅਦ, ਸਾਵਧਾਨੀ ਵਜੋਂ ਲੇਹ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਬ੍ਰਾਡਬੈਂਡ ਦੀ ਸਪੀਡ ਘਟਾਈ ਗਈ।
ਹਿੰਸਾ ਵਿੱਚ 4 ਮੌਤਾਂ, 90 ਜ਼ਖਮੀ
24 ਸਤੰਬਰ ਨੂੰ ਲੇਹ ਵਿੱਚ ਹੋਈ ਹਿੰਸਕ ਝੜਪ ਵਿੱਚ 4 ਲੋਕਾਂ ਦੀ ਮੌਤ ਹੋਈ ਅਤੇ 90 ਜ਼ਖਮੀ ਹੋਏ। ਇਸ ਤੋਂ ਬਾਅਦ ਲੇਹ ਵਿੱਚ ਕਰਫਿਊ ਲਗਾ ਦਿੱਤਾ ਗਿਆ ਅਤੇ ਪੁਲਿਸ ਤੇ ਅਰਧ ਸੈਨਿਕ ਬਲਾਂ ਨੇ ਸਖਤੀ ਨਾਲ ਕਾਨੂੰਨ ਵਿਵਸਥਾ ਬਣਾਈ। ਹੁਣ ਤੱਕ 50 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਸਕੂਲ-ਕਾਲਜ ਬੰਦ, ਧਾਰਾ 144 ਲਾਗੂ
ਲੇਹ ਜ਼ਿਲ੍ਹਾ ਮੈਜਿਸਟਰੇਟ ਨੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ, ਕਾਲਜਾਂ ਅਤੇ ਆਂਗਣਵਾੜੀ ਕੇਂਦਰਾਂ ਨੂੰ ਦੋ ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ। ਲੇਹ, ਕਾਰਗਿਲ ਅਤੇ ਹੋਰ ਸ਼ਹਿਰਾਂ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਧਾਰਾ 144 ਲਾਗੂ ਕੀਤੀ ਗਈ। ਉਪ ਰਾਜਪਾਲ ਕਵਿੰਦਰ ਗੁਪਤਾ ਨੇ ਉੱਚ ਪੱਧਰੀ ਸੁਰੱਖਿਆ ਮੀਟਿੰਗ ਵਿੱਚ ਹਿੰਸਾ ਨੂੰ ਸਾਜ਼ਿਸ਼ ਦੱਸਦਿਆਂ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ।
ਸੋਨਮ ਵਾਂਗਚੁਕ ਨੇ 10 ਸਤੰਬਰ ਨੂੰ ਸੰਵਿਧਾਨਕ ਗਾਰੰਟੀਆਂ, ਵਧੇਰੇ ਖੁਦਮੁਖਤਿਆਰੀ, ਸੂਬੇ ਦਾ ਦਰਜਾ ਅਤੇ ਲੱਦਾਖ ਲਈ ਛੇਵੀਂ ਅਨੁਸੂਚੀ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਹਿੰਸਾ ਵਧਣ ਤੋਂ ਬਾਅਦ ਉਨ੍ਹਾਂ ਨੇ 24 ਸਤੰਬਰ ਨੂੰ ਆਪਣੀ ਦੋ ਹਫਤਿਆਂ ਦਾ ਵਰਤ ਖਤਮ ਕਰ ਦਿੱਤਾ।