ਅੰਮ੍ਰਿਤਸਰ: ਅੰਮ੍ਰਿਤਸਰ ‘ਚ ਨੇਫਰੋਟਿਕ ਸਿੰਡਰੋਮ ਨਾਲ ਜੂਝ ਰਹੇ 8 ਸਾਲ ਦੇ ਮਾਸੂਮ ਅਵਿਜੋਤ ਸਿੰਘ ਜ਼ਿੰਦਗੀ ਦੀ ਜੰਗ ਹਾਰ ਗਿਆ। ਅਵਿਜੋਤ ਨੂੰ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਵੀ ਪੂਰੀ ਕੋਸ਼ਿਸ਼ ਕੀਤੀ।
ਸੋਨੂੰ ਸੂਦ ਨੇ ਅਵਿਜੋਤ ਦੇ ਦਿਹਾਂਤ ‘ਤੇ ਇੱਕ ਭਾਵੁਕ ਸੁਨੇਹਾ ਸਾਂਝਾ ਕਰਦਿਆਂ ਕਿਹਾ: ਅਵਿਜੋਤ, ਤੈਨੂੰ ਬਹੁਤ ਯਾਦ ਕੀਤਾ ਜਾਵੇਗਾ। ਅਲਵਿਦਾ, ਛੋਟੇ ਫਰਿਸ਼ਤੇ। ਫਿਕਰ ਨਾ ਕਰ, ਮੈਂ ਤੇਰੇ ਮਾਤਾ-ਪਿਤਾ ਦਾ ਖਿਆਲ ਰੱਖਾਂਗਾ।
ਅਵਿਜੋਤ ਦੀ ਬੀਮਾਰੀ ਅਤੇ ਪਰਿਵਾਰ ਦੀਆਂ ਮੁਸ਼ਕਲਾਂ
ਅਵਿਜੋਤ ਦਾ ਪਰਿਵਾਰ ਉਸ ਸਮੇਂ ਵੀ ਮੁਸੀਬਤਾਂ ‘ਚ ਸੀ ਜਦੋਂ ਪੰਜਾਬ ‘ਚ ਭਿਆਨਕ ਹੜ੍ਹ ਆਇਆ ਸੀ। ਉਸ ਸਮੇਂ ਸੋਨੂੰ ਸੂਦ ਨੇ ਪਰਿਵਾਰ ਦੀ ਮਦਦ ਕੀਤੀ ਸੀ। ਅਵਿਜੋਤ ਦੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਕਿ ਅਵਿਜੋਤ ਲਗਭਗ ਚਾਰ ਸਾਲ ਪਹਿਲਾਂ ਬੀਮਾਰ ਹੋਇਆ ਸੀ। ਉਸ ਦਾ ਇਲਾਜ ਪਹਿਲਾਂ ਅਜਨਾਲਾ, ਫਿਰ ਅਮ੍ਰਿਤਸਰ ਅਤੇ ਬਾਅਦ ‘ਚ ਚੰਡੀਗੜ੍ਹ ਦੇ ਪੀਜੀਆਈ ‘ਚ ਚੱਲਿਆ। ਹਸਪਤਾਲ ‘ਚ ਰਹਿੰਦਿਆਂ ਅਵਿਜੋਤ ਨੂੰ ਹਰ ਵੇਲੇ ਘਰ ਵਾਪਸ ਜਾਣ ਦੀ ਜ਼ਿੱਦ ਸੀ, ਅਤੇ ਉਹ ਅਕਸਰ ਹਸਪਤਾਲ ‘ਚ ਇੱਧਰ-ਉੱਧਰ ਭੱਜਦਾ ਰਹਿੰਦਾ ਸੀ।
ਪਰਿਵਾਰ ਨੇ ਮੰਨੇ ਡਾਕਟਰੀ ਪਰਹੇਜ਼
ਅਵਿਜੋਤ ਨੂੰ ਹਰ ਦੋ ਮਹੀਨਿਆਂ ‘ਚ ਪੀਜੀਆਈ ਲੈ ਜਾਣਾ ਪੈਂਦਾ ਸੀ। ਡਾਕਟਰਾਂ ਨੇ ਉਸ ਨੂੰ ਨਮਕ ਖਾਣ ਤੋਂ ਮਨ੍ਹਾ ਕੀਤਾ ਸੀ, ਜਿਸ ਕਾਰਨ ਪੂਰਾ ਪਰਿਵਾਰ ਬਿਨ੍ਹਾਂ ਨਮਕ ਦਾ ਖਾਣਾ ਖਾਣ ਲੱਗਾ ਤਾਂ ਜੋ ਅਵਿਜੋਤ ਇਕੱਲਾ ਮਹਿਸੂਸ ਨਾ ਕਰੇ। ਪਰਿਵਾਰ ਨੇ ਡਾਕਟਰਾਂ ਦੇ ਸਾਰੇ ਪਰਹੇਜ਼ਾਂ ਨੂੰ ਪੂਰੀ ਤਰ੍ਹਾਂ ਮੰਨਿਆ। ਪਰਿਵਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹਰ ਪਾਸਿਓਂ ਮਦਦ ਮਿਲੀ ਅਤੇ ਇਲਾਜ ਵੀ ਸਹੀ ਚੱਲ ਰਿਹਾ ਸੀ। ਉਨ੍ਹਾਂ ਨੂੰ ਲੱਗਣ ਲੱਗਾ ਸੀ ਕਿ ਅਵਿਜੋਤ ਹੌਲੀ-ਹੌਲੀ ਠੀਕ ਹੋ ਜਾਵੇਗਾ, ਪਰ ਵੀਰਵਾਰ ਨੂੰ ਉਸ ਨੇ ਆਖਰੀ ਸਾਹ ਲਏ।
ਹੜ੍ਹ ਨੇ ਵਧਾਈਆਂ ਮੁਸੀਬਤਾਂ
ਅਵਿਜੋਤ ਦੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਕਿ ਪੰਜਾਬ ‘ਚ ਆਏ ਹੜ੍ਹ ਨੇ ਉਨ੍ਹਾਂ ਦੀ ਖੇਤੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਸ ਨਾਲ ਘਰ ਦੀ ਆਮਦਨ ਬੰਦ ਹੋ ਗਈ। ਹਾਲਤ ਇੰਨੇ ਮਾੜੇ ਹੋ ਗਏ ਸਨ ਕਿ ਉਹ ਦਵਾਈਆਂ ਲੈਣ ਲਈ ਵੀ ਪਿੰਡ ਦੇ ਦੂਜੇ ਪਾਸੇ ਨਹੀਂ ਜਾ ਸਕਦੇ ਸਨ। ਕਈ ਵਾਰ ਪਿੰਡ ਵਾਲਿਆਂ ਨੂੰ ਤੈਰ ਕੇ ਜ਼ਰੂਰੀ ਸਮਾਨ ਲਿਆਉਣਾ ਪਿਆ। ਅਜਿਹੀਆਂ ਮੁਸ਼ਕਲ ਹਾਲਾਤਾਂ ‘ਚ ਅਵਿਜੋਤ ਦਾ ਇਲਾਜ ਕਰਨਾ ਲਗਭਗ ਅਸੰਭਵ ਸੀ।
ਸੋਨੂੰ ਸੂਦ ਅਤੇ ਮੁੱਖ ਮੰਤਰੀ ਦੀ ਮਦਦ
ਇਹ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸੋਨੂੰ ਸੂਦ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਦੀ ਮਦਦ ਦਾ ਵਾਅਦਾ ਕੀਤਾ। ਸੋਨੂੰ ਸੂਦ ਖੁਦ ਪੰਜਾਬ ਆ ਕੇ ਅਵਿਜੋਤ ਅਤੇ ਉਸ ਦੇ ਮਾਤਾ-ਪਿਤਾ ਨੂੰ ਮਿਲੇ। ਇਸ ਨਾਲ ਪਿੰਡ ‘ਚ ਉਮੀਦ ਜਾਗੀ ਕਿ ਅਵਿਜੋਤ ਦਾ ਇਲਾਜ ਹੁਣ ਸਹੀ ਤਰੀਕੇ ਨਾਲ ਹੋ ਸਕੇਗਾ। ਪੰਜਾਬ ਸਰਕਾਰ ਨੇ ਅਵਿਜੋਤ ਨੂੰ ਰੈਸਕਿਊ ਕਰਕੇ ਪੀਜੀਆਈਐਮਈਆਰ ਦੇ ਡਾਕਟਰਾਂ ਦੀ ਮਦਦ ਨਾਲ ਇਲਾਜ ਸ਼ੁਰੂ ਕੀਤਾ। ਪੂਰਾ ਇਲਾਜ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੀ, ਅਤੇ ਮੁੱਖ ਮੰਤਰੀ ਨੇ 50 ਹਜ਼ਾਰ ਰੁਪਏ ਦਾ ਚੈੱਕ ਵੀ ਦਿੱਤਾ ਸੀ। ਪਰ ਸਾਰੀਆਂ ਕੋਸ਼ਿਸ਼ਾਂ ਅਤੇ ਉਮੀਦਾਂ ਦੇ ਬਾਵਜੂਦ ਅਵਿਜੋਤ ਜ਼ਿੰਦਗੀ ਦੀ ਜੰਗ ਨਾ ਜਿੱਤ ਸਕਿਆ।