ਬੈਂਕਾਕ: ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਬੁੱਧਵਾਰ ਨੂੰ ਇੱਕ ਸੜਕ ਅਚਾਨਕ ਧਸ ਗਈ, ਜਿਸ ਕਾਰਨ ਇੱਕ ਵੱਡਾ ਟੋਆ ਬਣ ਗਿਆ। ਇਸ ਹਾਦਸੇ ਕਾਰਨ ਆਵਾਜਾਈ ਠੱਪ ਹੋ ਗਈ ਹੈ, ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਆਲੇ ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾਉਣਾ ਪਿਆ। ਬੈਂਕਾਕ ਦੇ ਗਵਰਨਰ ਚੈਡਚਾਰਟ ਸਿਟੀਪੁੰਟ ਨੇ ਕਿਹਾ ਕਿ ਹਾਦਸੇ ਵਿੱਚ ਕੋਈ ਮਾਰ ਨਹੀਂ ਹੋਈ, ਪਰ ਤਿੰਨ ਵਾਹਨ ਨੁਕਸਾਨੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਹਾਦਸਾ ਇੱਕ ਭੂਮੀਗਤ ਰੇਲਵੇ ਸਟੇਸ਼ਨ ‘ਤੇ ਉਸਾਰੀ ਦੇ ਕੰਮ ਕਾਰਨ ਹੋਇਆ ਹੈ।
ਹਾਦਸੇ ਦੀਆਂ ਵੀਡੀਓਜ਼ ਵਿੱਚ ਸੜਕ ਹੌਲੀ-ਹੌਲੀ ਧਸ ਰਹੀ ਸੀ , ਕਈ ਬਿਜਲੀ ਦੇ ਖੰਭੇ ਉਖਾੜਦੀ ਅਤੇ ਪਾਣੀ ਦੀ ਪਾਈਪਲਾਈਨ ਟੁੱਟਦੀ ਦਿਖਾਈ ਦੇ ਰਹੀ ਹੈ। ਜਿਵੇਂ-ਜਿਵੇਂ ਟੋਆ ਵੱਡਾ ਹੁੰਦਾ ਗਿਆ, ਵਾਹਨ ਪਿੱਛੇ ਹਟਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਟੋਆ ਚਾਰ-ਮਾਰਗੀ ਸੜਕ ਨੂੰ ਪੂਰੀ ਤਰ੍ਹਾਂ ਕੱਟਦਾ ਸੀ, ਜਿਸਦਾ ਇੱਕ ਕਿਨਾਰਾ ਇੱਕ ਪੁਲਿਸ ਸਟੇਸ਼ਨ ਦੇ ਸਾਹਮਣੇ ਰੁਕ ਗਿਆ।
Watch the clip of the moment the road began to collapse in front of a hospital in Thailand. #collapse #road #thailand #accident pic.twitter.com/sn6RZ2Yv2A
— Emre Evren 🎵 (@BenEmreEvren) September 24, 2025
ਨੇੜਲੀਆਂ ਇਮਾਰਤਾਂ ਨੂੰ ਖਾਲੀ ਕਰਵਾਇਆ ਗਿਆ
ਹਾਦਸੇ ਤੋਂ ਬਾਅਦ, ਹਾਦਸੇ ਵਾਲੀ ਥਾਂ ਦੇ ਨੇੜੇ ਸਥਿਤ ਇੱਕ ਹਸਪਤਾਲ ਨੇ ਐਲਾਨ ਕੀਤਾ ਕਿ ਉਹ ਅਗਲੇ ਦੋ ਦਿਨਾਂ ਲਈ ਆਪਣੀਆਂ ਓਪੀਡੀ ਸੇਵਾਵਾਂ ਬੰਦ ਕਰ ਦੇਵੇਗਾ। ਬੈਂਕਾਕ ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਹਸਪਤਾਲ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਪਰ ਸਾਵਧਾਨੀ ਵਜੋਂ ਪੁਲਿਸ ਸਟੇਸ਼ਨ ਅਤੇ ਹੋਰ ਨੇੜਲੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਅਧਿਕਾਰੀਆਂ ਨੇ ਇਲਾਕੇ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਕੱਟ ਦਿੱਤੀ ਹੈ।
ਗਵਰਨਰ ਚੈਡਚਾਰਟ ਨੇ ਹਾਦਸੇ ਤੋਂ ਬਾਅਦ ਮੁਰੰਮਤ ਦੇ ਕੰਮ ਬਾਰੇ ਅਪਡੇਟ ਦਿੰਦੇ ਹੋਏ ਕਿਹਾ ਕਿ ਸਬੰਧਿਤ ਟੀਮਾਂ ਜਲਦੀ ਤੋਂ ਜਲਦੀ ਟੋਏ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਬੈਂਕਾਕ ਵਿੱਚ ਮਾਨਸੂਨ ਦਾ ਮੌਸਮ ਚੱਲ ਰਿਹਾ ਹੈ ਅਤੇ ਭਾਰੀ ਬਾਰਸ਼ ਨੁਕਸਾਨ ਨੂੰ ਹੋਰ ਵਧਾ ਸਕਦੀ ਹੈ। ਸ਼ਹਿਰ ਪ੍ਰਸ਼ਾਸਨ ਨੇ ਲੋਕਾਂ ਨੂੰ ਇਸ ਇਲਾਕੇ ਤੋਂ ਬਚਣ ਦੀ ਅਪੀਲ ਕੀਤੀ ਹੈ ਅਤੇ ਜਲਦੀ ਹੀ ਸਥਿਤੀ ਨੂੰ ਆਮ ਵਾਂਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।