ਹੜ੍ਹਾਂ ‘ਚ ਬਜ਼ੁਰਗਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਖਾਸ ਉਪਰਾਲੇ: ਡਾ ਬਲਜੀਤ ਕੌਰ

Global Team
2 Min Read

ਚੰਡੀਗੜ੍ਹ: ਪੰਜਾਬ ਭਰ ‘ਚ ਹੜ੍ਹਾਂ ਨਾਲ ਹੋਈ ਤਬਾਹੀ ਦੌਰਾਨ ਬਜ਼ੁਰਗਾਂ ਦੀ ਸੁਰੱਖਿਆ ਅਤੇ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਖਾਸ ਉਪਰਾਲੇ ਕੀਤੇ ਗਏ ਹਨ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਸੂਬੇ ਦੇ 479 ਬਜ਼ੁਰਗਾਂ ਦੀ ਸਨਾਖ਼ਤ ਕੀਤੀ ਹੈ, ਜਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੋਸਾਇਟੀ ਦੀ ਸਹਾਇਤਾ ਨਾਲ ਬਜ਼ੁਰਗਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਜੀ ਨੇ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬੇ ਦੇ ਬਿਰਧ ਘਰਾਂ ਵਿੱਚ 700 ਦੇ ਕਰੀਬ ਬਜ਼ੁਰਗਾਂ ਨੂੰ ਰੱਖਣ ਦੀ ਸਮਰੱਥਾ ਹੈ ਅਤੇ ਰਾਜ ਦੇ ਲੋੜਵੰਦ ਬਜੁਰਗ ਇਨ੍ਹਾ ਬਿਰਧ ਘਰਾਂ ਵਿੱਚ ਸਰਨ ਲੈ ਸਕਦੇ ਹਨ।

ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗਾਂ ਦੀ ਦੇਖਭਾਲ ਲਈ ਬਿਰਧ ਘਰਾਂ ਵਿੱਚ ਖਾਣ-ਪੀਣ, ਸਿਹਤ ਜਾਂਚ, ਰਹਿਣ-ਸਹਿਣ ਅਤੇ ਹੋਰ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ ਤਾਂ ਜੋ ਉਨ੍ਹਾਂ ਨੂੰ ਘਰ ਵਰਗਾ ਮਾਹੌਲ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕੋਈ ਵੀ ਬਜ਼ੁਰਗ ਇਕੱਲਾਪਣ ਜਾਂ ਪਰੇਸ਼ਾਨੀ ਮਹਿਸੂਸ ਨਾ ਕਰੇ।

ਜ਼ਿਲ੍ਹਾਵਾਰ ਵੇਰਵੇ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ 15 ਪਿੰਡਾਂ ਤੋਂ 200 ਬਜ਼ੁਰਗ, ਗੁਰਦਾਸਪੁਰ ਦੇ 12 ਪਿੰਡਾਂ ਤੋਂ 112 ਬਜ਼ੁਰਗ, ਫਿਰੋਜਪੁਰ ਦੇ 4 ਪਿੰਡਾਂ ਤੋਂ 40 ਬਜ਼ੁਰਗ, ਹੁਸ਼ਿਆਰਪੁਰ ਦੇ 3 ਪਿੰਡਾਂ ਤੋਂ 14 ਬਜ਼ੁਰਗ, ਕਪੂਰਥਲਾ ਦੇ 7 ਪਿੰਡਾਂ ਤੋਂ 34 ਬਜ਼ੁਰਗ, ਤਰਨਤਾਰਨ ਦੇ 3 ਪਿੰਡਾਂ ਤੋਂ 50 ਬਜ਼ੁਰਗ, ਬਠਿੰਡਾ ਦੇ 2 ਪਿੰਡਾਂ ਤੋਂ 9 ਬਜ਼ੁਰਗ ਅਤੇ ਫਾਜਿਲਕਾ ਦੇ 3 ਪਿੰਡਾਂ ਤੋਂ 20 ਬਜ਼ੁਰਗਾਂ ਦੀ ਸਨਾਖ਼ਤ ਕੀਤੀ ਗਈ ਹੈ।

ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਅਪੀਲ ਕੀਤੀ ਕਿ ਜੇ ਕਿਸੇ ਬਜ਼ੁਰਗ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਤਾਂ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਸਮੇਤ ਆਰਜ਼ੀ ਤੌਰ ‘ਤੇ ਬਿਰਧ ਘਰਾਂ ਵਿੱਚ ਰਹਿ ਸਕਦੇ ਹਨ।

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਨਾਲ ਹਰ ਕਦਮ ‘ਤੇ ਨਾਲ ਖੜ੍ਹੀ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਪੂਰੀ ਸਹਾਇਤਾ ਪਹੁੰਚਾਈ ਜਾ ਰਹੀ ਹੈ।

Share This Article
Leave a Comment