ਨਿਊਜ਼ ਡੈਸਕ: ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਮੰਗਲਵਾਰ ਨੂੰ ਦ੍ਰਾਵਿੜ ਮੁਨੇਤਰ ਕੜਗਮ (ਡੀ.ਐਮ.ਕੇ.) ਸਰਕਾਰ ਦੀ ਪ੍ਰਮੁੱਖ ਪਹਿਲਕਦਮੀ ‘ਮੁੱਖ ਮੰਤਰੀ ਨਾਸ਼ਤਾ ਯੋਜਨਾ’ ਦਾ ਰਾਜ ਦੇ ਸ਼ਹਿਰੀ ਖੇਤਰਾਂ ਤੱਕ ਵਿਸਤਾਰ ਕੀਤਾ।ਸਟਾਲਿਨ ਨੇ ਇੱਥੇ ‘ਸੇਂਟ ਜੋਸਫ਼ ਪ੍ਰਾਇਮਰੀ ਸਕੂਲ’ ਵਿਖੇ ਬੱਚਿਆਂ ਨੂੰ ਖਾਣਾ ਪਰੋਸਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਸ ਯੋਜਨਾ ਦੇ ਵਿਸਥਾਰ ਦੀ ਰਸਮੀ ਸ਼ੁਰੂਆਤ ਕੀਤੀ, ਜੋ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਸਟਾਲਿਨ ਅਤੇ CM ਮਾਨ ਨੇ ਵੀ ਬੱਚਿਆਂ ਨਾਲ ਬੈਠ ਕੇ ਖਾਣਾ ਖਾਧਾ।
ਇਸ ਵਿਸਥਾਰ ਦੇ ਨਾਲ, ਯੋਜਨਾ ਦਾ ਪੰਜਵਾਂ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਨਾਲ 2,429 ਸਕੂਲਾਂ ਦੇ 3.06 ਲੱਖ ਵਾਧੂ ਬੱਚਿਆਂ ਨੂੰ ਲਾਭ ਹੋਵੇਗਾ। ਯੋਜਨਾ ਦੇ ਵਿਸਥਾਰ ਤੋਂ ਬਾਅਦ, ਹੁਣ ਰਾਜ ਦੇ ਕੁੱਲ 20.59 ਲੱਖ ਬੱਚੇ ‘ਮੁੱਖ ਮੰਤਰੀ ਨਾਸ਼ਤਾ ਯੋਜਨਾ’ ਦਾ ਲਾਭ ਪ੍ਰਾਪਤ ਕਰਨਗੇ।
ਸਰਕਾਰੀ ਬੁਲਾਰੇ ਪੀ. ਅਮੁਧਾ ਨੇ ਕਿਹਾ ਸੀ ਕਿ ਕੇਂਦਰੀਕ੍ਰਿਤ ਰਸੋਈ ਵਿੱਚ ਨਾਸ਼ਤਾ ਸਾਫ਼-ਸੁਥਰੇ ਢੰਗ ਨਾਲ ਤਿਆਰ ਕਰਨ ਲਈ ਢੁਕਵੇਂ ਕਦਮ ਚੁੱਕੇ ਗਏ ਹਨ। ਵਧੀਕ ਮੁੱਖ ਸਕੱਤਰ ਅਮੁਧਾ ਨੇ ਕਿਹਾ, “ਪੋਂਗਲ, ਖਿਚੜੀ ਜਾਂ ਉਪਮਾ ਵਰਗੇ ਤਿਆਰ ਕੀਤੇ ਪਕਵਾਨਾਂ ਦੇ ਨਾਲ-ਨਾਲ ਦਾਲ ਅਤੇ ਸਾਂਭਰ ਵੈਨਾਂ ਰਾਹੀਂ ਸਬੰਧਿਤ ਸਕੂਲਾਂ ਵਿੱਚ ਪਹੁੰਚਾਏ ਜਾਣਗੇ।”
ਮੁੱਖ ਮੰਤਰੀ ਨੇ 6 ਮਈ, 2022 ਨੂੰ ਵਿਧਾਨ ਸਭਾ ਵਿੱਚ ਐਲਾਨ ਕੀਤਾ ਸੀ ਕਿ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਮੁਫ਼ਤ ਨਾਸ਼ਤਾ ਯੋਜਨਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ 15 ਸਤੰਬਰ ਨੂੰ ਮਦੁਰਾਈ ਵਿੱਚ ਇਸ ਯੋਜਨਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਸਟਾਲਿਨ ਨੇ ਐਤਵਾਰ ਨੂੰ ਕਿਹਾ ਸੀ, “ਜਸਟਿਸ ਪਾਰਟੀ ਦੇ ਦਿਨਾਂ ਤੋਂ ਲੈ ਕੇ ਦ੍ਰਾਵਿੜ ਮਾਡਲ ਸਰਕਾਰ ਤੱਕ, ਅਸੀਂ ਬੱਚਿਆਂ ਨੂੰ ਭੋਜਨ ਪ੍ਰਦਾਨ ਕਰਦੇ ਰਹੇ ਹਾਂ ਅਤੇ ਉਨ੍ਹਾਂ ਨੂੰ ਸਿੱਖਿਆ ਉਪਲਬਧ ਕਰਵਾਉਂਦੇ ਰਹੇ ਹਾਂ।” ਇਹ ਸਿਰਫ਼ ਭੋਜਨ ਹੀ ਨਹੀਂ ਹੈ, ਸਗੋਂ ਬੱਚਿਆਂ ਦੇ ਵਿਕਾਸ ਲਈ ਇੱਕ ਮਜ਼ਬੂਤ ਨੀਂਹ ਹੈ।