ਨਿਊਜ਼ ਡੈਸਕ: ਜਦੋਂ ਹਾਲੀਵੁੱਡ ‘ਚ ਸਿਟਕੌਮ ਦੀ ਗੱਲ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ‘F.R.I.E.N.D.S’ ਸ਼ੋਅ ਦਾ ਨਾਂ ਸਾਹਮਣੇ ਆਉਂਦਾ ਹੈ। ਇਹ ਸ਼ੋਅ ਅੱਜ ਵੀ ਪੀਕ ਸਿਨੇਮਾ ਮੰਨਿਆ ਜਾਂਦਾ ਹੈ ਅਤੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਸ਼ੋਅ ਦੇ ਸਾਰੇ ਕਿਰਦਾਰਾਂ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਿਆਰ ਦਿੱਤਾ, ਪਰ ‘ਚੈਂਡਲਰ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਮੈਥਿਊ ਪੈਰੀ ਨੂੰ ਅੱਜ ਵੀ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਮੈਥਿਊ ਦੀ ਅਚਾਨਕ ਮੌਤ ਸਭ ਲਈ ਵੱਡਾ ਨੂੰ ਸਦਮਾ ਸੀ। ਹੁਣ ਇਸ ਮਾਮਲੇ ’ਚ ਵੱਡਾ ਖੁਲਾਸਾ ਹੋਇਆ ਹੈ।
28 ਅਕਤੂਬਰ 2023 ਨੂੰ ਮੈਥਿਊ ਦੀ ਅਚਾਨਕ ਮੌਤ ਦੀ ਖਬਰ ਸਾਹਮਣੇ ਆਈ ਸੀ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ। 54 ਸਾਲ ਦੇ ਮੈਥਿਊ ਦੀ ਲਾਸ਼ ਉਨ੍ਹਾਂ ਦੇ ਪੈਸੀਫਿਕ ਪੈਲੀਸੇਡਜ਼ ਸਥਿਤ ਘਰ ਦੇ ਸਵਿਮਿੰਗ ਪੂਲ ’ਚ ਤੈਰਦੀ ਮਿਲੀ ਸੀ। ਦਸੰਬਰ 2023 ’ਚ ਆਈ ਪੋਸਟਮਾਰਟਮ ਰਿਪੋਰਟ ’ਚ ਖੁਲਾਸਾ ਹੋਇਆ ਸੀ ਕਿ ਮੈਥਿਊ ਪੈਰੀ ਦੀ ਮੌਤ ‘ਕੇਟਾਮਾਈਨ’ ਨਾਮਕ ਡਰੱਗ ਦੀ ਓਵਰਡੋਜ਼ ਅਤੇ ਪੂਲ ’ਚ ਡੁੱਬਣ ਕਾਰਨ ਹੋਈ ਸੀ।
‘ਕੇਟਾਮਾਈਨ ਕੁਈਨ’ ਜਸਵੀਨ ਸੰਘਾ ਕੌਣ?
ਇਸ ਮਾਮਲੇ ’ਚ ‘ਕੇਟਾਮਾਈਨ ਕੁਈਨ’ ਜਸਵੀਨ ਸੰਘਾ ਦਾ ਨਾਮ ਸਾਹਮਣੇ ਆਇਆ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ, ਜਸਵੀਨ ’ਤੇ ਇਲਜ਼ਾਮ ਹੈ ਕਿ ਉਸ ਨੇ ਮੈਥਿਊ ਨੂੰ ਡਰੱਗ ਸਪਲਾਈ ਕੀਤੀ ਸੀ। ਜਸਵੀਨ ਨੇ ਅਦਾਲਤ ’ਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਮੰਨਿਆ ਕਿ ਉਸ ਨੇ ਮੈਥਿਊ ਨੂੰ ਕੇਟਾਮਾਈਨ ਸਪਲਾਈ ਕੀਤੀ ਸੀ। ਇਲਜ਼ਾਮ ਹੈ ਕਿ ਉਸ ਨੇ ਮੈਥਿਊ ਦੀ ਮੌਤ ਤੋਂ ਸਿਰਫ਼ ਚਾਰ ਦਿਨ ਪਹਿਲਾਂ 25 ਵਾਇਲਜ਼ ਕੇਟਾਮਾਈਨ ਵੇਚੀਆਂ ਸਨ। ਪੰਜਾਬੀ ਮੂਲ ਦੀ ਜਸਵੀਨ ਅਮਰੀਕਾ ਅਤੇ ਬ੍ਰਿਟੇਨ ਦੀ ਦੋਹਰੀ ਨਾਗਰਿਕਤਾ ਵਾਲੀ ਹੈ ਅਤੇ ਉਸ ਦਾ ਨਾਮ ਅੰਡਰਗਰਾਊਂਡ ਡਰੱਗ ਨੈੱਟਵਰਕ ਨਾਲ ਜੁੜਿਆ ਹੋਇਆ ਹੈ। ਉਸ ’ਤੇ ਕਈ ਹੌਲੀਵੁੱਡ ਸੈਲੀਬ੍ਰਿਟੀਜ਼ ਨੂੰ ਡਰੱਗਜ਼ ਸਪਲਾਈ ਕਰਨ ਦੇ ਵੀ ਦੋਸ਼ ਹਨ।
ਮੈਥਿਊ ਦੀ ਮੌਤ ਕਿਵੇਂ ਹੋਈ?
ਮੀਡੀਆ ਰਿਪੋਰਟਾਂ ਮੁਤਾਬਕ, ਜਸਵੀਨ ਨੇ ਕਥਿਤ ਤੌਰ ’ਤੇ ਮੈਥਿਊ ਨੂੰ 25 ਵਾਇਲਜ਼ ਕੇਟਾਮਾਈਨ ਵੇਚੀਆਂ ਸਨ, ਜਿਨ੍ਹਾਂ ਦੀ ਕੀਮਤ ਲਗਭਗ 6,000 ਡਾਲਰ (ਕਰੀਬ 5 ਲੱਖ ਰੁਪਏ) ਸੀ। ਇਹ ਖਰੀਦ ਮੈਥਿਊ ਦੀ ਮੌਤ ਤੋਂ ਸਿਰਫ਼ ਚਾਰ ਦਿਨ ਪਹਿਲਾਂ ਹੋਈ ਸੀ। ਮੈਥਿਊ ਦੇ ਨਜ਼ਦੀਕੀ ਸਹਿਯੋਗੀਆਂ ਅਤੇ ਸਹਿ-ਦੋਸ਼ੀਆਂ ’ਚ ਕੇਨੇਥ ਇਵਾਮਾਸਾ (ਉਨ੍ਹਾਂ ਦਾ ਲਾਈਵ-ਇਨ ਅਸਿਸਟੈਂਟ), ਐਰਿਕ ਫਲੇਮਿੰਗ (ਜਿਸ ਨੇ ਸੰਘਾ ਤੋਂ ਖਰੀਦੀ ਕੇਟਾਮਾਈਨ ਮੈਥਿਊ ਨੂੰ ਵੇਚੀ), ਅਤੇ ਦੋ ਡਾਕਟਰ—ਸਾਲਵਾਡੋਰ ਪਲਾਸੇਂਸੀਆ ਅਤੇ ਮਾਰਕ ਚਾਵੇਜ਼ ਸ਼ਾਮਲ ਸਨ। ਇਹ ਸਾਰੇ ਇਸ ਕੇਸ ’ਚ ਦੋਸ਼ੀ ਹਨ, ਪਰ ਜਸਵੀਨ ਪੰਜਵੀਂ ਅਤੇ ਆਖਰੀ ਦੋਸ਼ੀ ਹੈ ਜਿਸ ਨੇ ਜੁਰਮ ਕਬੂਲ ਕੀਤਾ। ਕੇਟਾਮਾਈਨ ਅਸਲ ’ਚ ਇੱਕ ਸਰਜੀਕਲ ਐਨਸਥੀਟਿਕ ਹੈ, ਪਰ ਪਾਰਟੀ ਡਰੱਗ ਵਜੋਂ ਇਸ ਦੀ ਦੁਰਵਰਤੋਂ ਤੇਜ਼ੀ ਨਾਲ ਵਧ ਰਹੀ ਹੈ।