ਚੰਡੀਗੜ੍ਹ: ਪੰਜਾਬ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਜਲਦੀ ਹੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਨਵੇਂ ਜ਼ਿਲ੍ਹਾ ਪ੍ਰਧਾਨ ਮਿਲਣਗੇ। ਪਾਰਟੀ ਹਾਈਕਮਾਨ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਸੰਗਠਨ ਸਿਰਜਣ ਮੁਹਿੰਮ ਅਧੀਨ 29 ਨਿਗਰਾਨ (ਆਬਜ਼ਰਵਰ) ਨਿਯੁਕਤ ਕੀਤੇ ਹਨ। ਚੋਣ ਪ੍ਰਕਿਰਿਆ ਜਲਦੀ ਸ਼ੁਰੂ ਹੋਣ ਜਾ ਰਹੀ ਹੈ। ਨਵੇਂ ਪ੍ਰਧਾਨਾਂ ਦੀ ਭੂਮਿਕਾ ਇਸ ਵਾਰ ਬਹੁਤ ਅਹਿਮ ਹੋਵੇਗੀ।
ਜਾਣਕਾਰੀ ਅਨੁਸਾਰ, ਪੰਜਾਬ ਕਾਂਗਰਸ ਦੇ 29 ਜਥੇਬੰਦਕ ਜ਼ਿਲ੍ਹੇ ਹਨ। 19 ਨਵੰਬਰ 2022 ਨੂੰ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨਾਂ ਐਲਾਨ ਕੀਤਾ ਸੀ, ਜਦੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ। ਉਸ ਸਮੇਂ ਕਈ ਸੀਨੀਅਰ ਨੇਤਾ ਕਾਂਗਰਸ ਛੱਡ ਕੇ ਭਾਜਪਾ ਅਤੇ ਹੋਰ ਪਾਰਟੀਆਂ ’ਚ ਸ਼ਾਮਲ ਹੋ ਗਏ ਸਨ। ਉਸ ਸਮੇਂ ਵਿਧਾਇਕਾਂ ਨੂੰ ਜ਼ਿੰਮੇਵਾਰੀ ਸੌਂਪ ਕੇ ਸੰਗਠਨ ਨੂੰ ਸੰਭਾਲਿਆ ਗਿਆ ਸੀ। ਕਾਂਗਰਸ ’ਚ ਪ੍ਰਧਾਨਾਂ ਦਾ ਕਾਰਜਕਾਲ 3 ਸਾਲ ਦਾ ਹੁੰਦਾ ਹੈ, ਅਤੇ ਇਸ ਹਿਸਾਬ ਨਾਲ 3 ਮਹੀਨਿਆਂ ਬਾਅਦ ਜ਼ਿਲ੍ਹਾ ਪ੍ਰਧਾਨਾਂ ਦੀਆਂ ਚੋਣਾਂ ਨੇੜੇ ਹਨ।
ਬੂਥ ਅਤੇ ਮੰਡਲ ਕਮੇਟੀਆਂ ਦਾ ਗਠਨ
ਇਸ ਤੋਂ ਪਹਿਲਾਂ, ਪੰਜਾਬ ਕਾਂਗਰਸ ਨੇ ਬੂਥ ਕਮੇਟੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਹਰ 20 ਬੂਥਾਂ ’ਤੇ ਇੱਕ ਮੰਡਲ ਕਮੇਟੀ ਬਣਾਈ ਜਾਵੇਗੀ, ਜਿਨ੍ਹਾਂ ਦੀ ਕੁੱਲ ਗਿਣਤੀ ਸੂਬੇ ’ਚ 1208 ਹੋਵੇਗੀ। 29 ਜ਼ਿਲ੍ਹਾ ਪ੍ਰਧਾਨ (ਕੁਝ ਜ਼ਿਲ੍ਹਿਆਂ ’ਚ ਸ਼ਹਿਰੀ ਅਤੇ ਪੇਂਡੂ) ਅਤੇ 280 ਬਲਾਕ ਪ੍ਰਧਾਨ ਪਹਿਲਾਂ ਹੀ ਨਿਯੁਕਤ ਹਨ। ਇਸੇ ਤਰ੍ਹਾਂ, ਪੇਂਡੂ ਖੇਤਰਾਂ ’ਚ ਪਿੰਡ ਅਤੇ ਸ਼ਹਿਰੀ ਖੇਤਰਾਂ ’ਚ ਵਾਰਡ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ।
117 ਵਿਧਾਨ ਸਭਾ ਹਲਕਿਆਂ ਲਈ ਬਲਾਕ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਹੀ, ਹਰ ਦੋ ਹਲਕਿਆਂ ’ਤੇ ਇੱਕ, ਯਾਨੀ ਕੁੱਲ 58 ਸੰਗਠਨ ਨਿਗਰਾਨ ਵੀ ਨਿਯੁਕਤ ਕਰ ਦਿੱਤੇ ਗਏ ਹਨ। ਇਹ ਨਿਗਰਾਨ ਅਤੇ ਕੋਆਰਡੀਨੇਟਰ ਸਾਰੀਆਂ ਕਮੇਟੀਆਂ ਦੇ ਅਹੁਦੇਦਾਰਾਂ ਦੀਆਂ ਗਤੀਵਿਧੀਆਂ ਅਤੇ ਸਰਗਰਮੀ ’ਤੇ ਨਜ਼ਰ ਰੱਖਣਗੇ ਅਤੇ ਇੱਕ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਪੰਜਾਬ ਕਾਂਗਰਸ ਕਮੇਟੀ ਨੂੰ ਸੌਂਪਣਗੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਬਲਾਕ ਅਤੇ ਮੰਡਲ ਕਮੇਟੀਆਂ ਦੀਆਂ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਖਰੜ ਵਿਧਾਨ ਸਭਾ ਹਲਕੇ ਤੋਂ ਕੀਤੀ ਹੈ, ਜਿਸ ਦੇ ਕੋਆਰਡੀਨੇਟਰ ਕਾਂਗਰਸ ਦੇ ਸੀਨੀਅਰ ਨੇਤਾ ਰਾਜਵੰਤ ਰਾਜ ਸ਼ਰਮਾ ਹਨ।