ਪਿੰਡ ਸਤੌਜ ਪੁੱਜੇ CM ਭਗਵੰਤ ਮਾਨ, ਵਿਕਾਸ ਕਾਰਜਾਂ ਲਈ 1 ਕਰੋੜ 78 ਲੱਖ ਰੁਪਏ ਦੀ ਰਾਸ਼ੀ ਕੀਤੀ ਜਾਰੀ

Global Team
3 Min Read

ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਜੱਦੀ ਪਿੰਡ ਸਤੌਜ ਵਿਖੇ ਪਹੁੰਚੇ, ਜਿੱਥੇ ਪੁੱਜਣ ‘ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਵਾਸੀਆਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ। ਭਗਵੰਤ ਮਾਨ ਵੱਲੋਂ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਇਜ਼ਾ ਲਿਆ ਗਿਆ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਆਪਣੇ ਪਿੰਡ ਵਿੱਚ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ ਅਤੇ ਸਾਡੇ ਪਿੰਡ ਵਿੱਚ ਕਰੋੜਾਂ ਦੇ ਪ੍ਰੋਜੈਕਟ ਚੱਲ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਪਿੰਡਾਂ ਦੀਆਂ 19 ਹਜ਼ਾਰ ਕਿੱਲੋਮੀਟਰ ਸੜਕਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ 20-25 ਦਿਨਾਂ ’ਚ  ਕਰ  ਦਿੱਤੀ ਜਾਵੇਗੀ।

ਸੀਐਮ ਮਾਨ ਨੇ ਪਿੰਡ ਸਤੌਜ ਨੂੰ 1.78 ਕਰੋੜ ਰੁਪਏ ਦਾ ਚੈੱਕ ਸੌਂਪਦਿਆਂ ਕਿਹਾ ਕਿ ਨਵੇਂ ਕੰਮ ਦੀ ਸ਼ੁਰੂਆਤ ਹਮੇਸ਼ਾ ਆਪਣੇ ਪਿੰਡ ਤੋਂ ਹੁੰਦੀ ਹੈ। ਉਨ੍ਹਾਂ ਨੇ ਕਿਹਾ  ਕਿ ਪਿੰਡ ਸਤੌਜ ‘ਚ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਜਾਵੇਗੀ, ਇਥੇ 2 ਦਿਨ ਦਾ ਕਬੱਡੀ ਟੂਰਨਾਮੈਂਟ ਕਰਵਾਏ ਜਾਣਗੇ।  ਗਲੀਆਂ ਨੂੰ ਪੱਕਾ, ਇੰਟਰਲੌਕ ਟਾਈਲਾਂ, ਸ਼ਮਸ਼ਾਨ ਘਾਟਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਆਪਣਿਆਂ ਪਿੰਡ ਸਤੌਜ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਇਕ ਮਜ਼ਬੂਤ ਰੁੱਖ ਦੀ ਨਿਸ਼ਾਨੀ ਇਹੋ ਹੁੰਦੀ ਹੈ ਕਿ ਉਸ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ, ਇਸ ਲਈ ਹਰ ਇਨਸਾਨ ਨੂੰ ਆਪਣਿਆਂ ਜੜ੍ਹਾਂ ਭਾਵ ਆਪਣੇ ਪਿੰਡ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ, ਜਿਸ ਕਰਕੇ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਤਾਂ ਉਹ ਆਪਣੇ ਜੱਦੀ ਪਿੰਡ ਸਤੌਜ ਜਰੂਰ ਆਉਂਦੇ ਹਨ, ਜਿੱਥੇ ਆ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਹੈ।ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਬਹੁਤ ਸਫ਼ਲਤਾ ਨਾਲ ਚੱਲ ਰਿਹਾ ਹੈ ਅਤੇ ਛੋਟੇ ਬੱਚਿਆਂ ਨੂੰ ਜੇਕਰ ਖੇਡਾਂ ਨਾਲ ਜੁੜਨ ਲਈ ਪ੍ਰੇਰਿਆ ਜਾਵੇ ਤਾਂ ਇਸ ਨਾਲ ਜਿੱਥੇ ਉਹ ਨਸ਼ਿਆਂ ਜਿਹੀਆਂ ਭੈੜੀਆਂ ਬੁਰਾਈਆਂ ਤੋਂ ਬਚੇ ਰਹਿਣਗੇ, ਓਥੇ ਸਰੀਰਕ ਤੌਰ ‘ਤੇ ਵੀ ਮਜ਼ਬੂਤ ਹੋਣਗੇ । ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਹੀ ਪਿੰਡ ਵਿਖੇ ਛੋਟੇ ਬੱਚਿਆਂ ਦੋ ਰੋਜ਼ਾ ਕਬੱਡੀ ਟੂਰਨਾਮੈਟ ਜ਼ਰੂਰ ਕਰਵਾਉਣ, ਜਿਸ ਦਾ ਸੁਨੇਹਾ ਹੋਰਨਾਂ ਪਿੰਡਾਂ ਚ ਵੀ ਜਾਵੇ ਤਾਂ ਜੋਂ ਹੋਰ ਪਿੰਡ ਵੀ ਇਹੋ ਜਿਹਾ ਉਪਰਾਲਾ ਕਰਨ । ਉਨ੍ਹਾਂ ਆਪਣੇ ਜੱਦੀ ਪਿੰਡ ਸਤੌਜ ਦੇ ਵੱਖ -ਵੱਖ ਵਿਕਾਸ ਕਾਰਜਾਂ ਲਈ 1 ਕਰੋੜ 78 ਲੱਖ ਰੁਪਏ ਦੀ ਰਾਸ਼ੀ ਦੇ ਵੱਖ- ਵੱਖ ਚੈਕ ਪੰਚਾਇਤ ਨੂੰ ਸੌਂਪਦਿਆਂ ਕਿਹਾ ਕਿ ਪਿੰਡ ਸਤੌਜ ਦੇ ਵਿਕਾਸ ਕਾਰਜਾਂ ਲਈ ਹੋਰ ਗ੍ਰਾਂਟ ਵੀ ਜਾਰੀ ਕੀਤੀ ਜਾਵੇਗੀ । ਇਸ ਮੌਕੇ ਪਿੰਡ ਸਤੌਜ ਦੀ ਸਮੁੱਚੀ ਪੰਚਾਇਤ ਤੋ ਇਲਾਵਾ ਸਮੂਹ ਪਿੰਡ ਵਾਸੀ ਮੌਜੂਦ ਸਨ ।

Share This Article
Leave a Comment