ਜਲੰਧਰ : ਦੁਨੀਆਂ ਦੇ ਸੱਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਐਥਲੀਟ ਫ਼ੌਜਾ ਸਿੰਘ (114) ਅੱਜ ਪੰਜ ਤੱਤਾਂ ’ਚ ਹੋਏ ਵਿਲੀਨ ਹੋ ਗਏ ਹਨ। ਉਨ੍ਹਾਂ ਦਾ ਅੰਤਮ ਸਸਕਾਰ ਪੰਜਾਬ ਦੇ ਜਲੰਧਰ ਸਥਿਤ ਉਨ੍ਹਾਂ ਦੇ ਜੱਦੀ ਪਿੰਡ ‘ਬਿਆਸ ਪਿੰਡ’ ਵਿਚ ਕੀਤਾ ਗਿਆ। ਮ੍ਰਿਤਕ ਦੇਹ ਨੂੰ ਸਵੇਰੇ 9 ਵਜੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਲੋਕ ਲਗਾਤਾਰ ਪਹੁੰਚ ਰਹੇ ਹਨ।
ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਪ੍ਰਧਾਨ ਮੰਤਰੀ ਦਫ਼ਤਰ ਤੋਂ ਪਰਵਾਰ ਨੂੰ ਸੋਗ ਸੰਦੇਸ਼ ਦੇ ਰੂਪ ’ਚ ਇਕ ਪੱਤਰ ਭੇਜਿਆ ਗਿਆ ਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਕਈ ਰਾਜਨੀਤਕ, ਸਮਾਜਕ ਤੇ ਧਾਰਮਕ ਸ਼ਖ਼ਸੀਅਤਾਂ ਵਲੋਂ ਅੰਤਮ ਵਿਦਾਇਗੀ ਦਿਤੀ ਗਈ।
ਕਈ ਸਿਆਸੀ ਸ਼ਖ਼ਸੀਅਤਾਂ ਨੇ ਫੌਜਾ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਤੋਂ ਪਰਿਵਾਰ ਨੂੰ ਇੱਕ ਪੱਤਰ ਵੀ ਭੇਜਿਆ ਗਿਆ ਹੈ। ਫੌਜਾ ਸਿੰਘ ਦੀ ਪੋਤੀ ਨੂੰ ਆਖਰੀ ਦਰਸ਼ਨ ਦੌਰਾਨ ਰੋਂਦੇ ਹੋਏ ਦੇਖਿਆ ਗਿਆ। ਅੰਤਮ ਸਸਕਾਰ ਵਿਚ ਕਾਂਗਰਸ ਵਿਧਾਇਕ ਪ੍ਰਗਟ ਸਿੰਘ, ਲਾਡੋ ਸ਼ੇਰੋਵਾਲੀਆ, ਸੁਖਵਿੰਦਰ ਸਿੰਘ ਕੋਟਲੀ, ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਅਤੇ ਮੰਤਰੀ ਮਹਿੰਦਰ ਭਗਤ ਮੌਜੂਦ ਰਹੇ।
ਦੱਸ ਦਈਏ ਕਿ 114 ਸਾਲਾ ਐਥਲੀਟ ਫ਼ੌਜਾ ਸਿੰਘ ਨੂੰ ਅਪਣੇ ਘਰ ਤੋਂ 120 ਮੀਟਰ ਦੂਰ ਹਾਈਵੇਅ ਪਾਰ ਕਰਦੇ ਸਮੇਂ ਐਨ.ਆਰ.ਆਈ. ਅੰਮ੍ਰਿਤਪਾਲ ਸਿੰਘ ਢਿੱਲੋਂ (27) ਦੁਆਰਾ ਚਲਾਈ ਗਈ ਫਾਰਚੂਨਰ ਨੇ ਟੱਕਰ ਮਾਰ ਦਿਤੀ ਸੀ। ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।