ਨਿਊਯਾਰਕ: ਭਾਰਤੀ ਮੂਲ ਦੇ ਇੱਕ ਵਿਅਕਤੀ ਨੇ ਵੀਜ਼ਾ ਦਵਾਉਣ ਲਈ ਅਜਿਹਾ ਕਾਂਡ ਕੀਤਾ, ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਭਾਰਤੀ ਮੂਲ ਦੇ ਅਮਰੀਕੀ ਵਪਾਰੀ ਅਤੇ ਤਿੰਨ ਪੁਲਿਸ ਮੁਖੀਆਂ ਸਮੇਤ ਚਾਰ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ‘ਤੇ ਲੂਸੀਆਨਾ ਵਿੱਚ ਵੀਜ਼ਾ ਧੋਖਾਧੜੀ ਦਾ ਦੋਸ਼ ਲੱਗਾ ਹੈ।
ਕਿਵੇਂ ਦਵਾਉਂਦਾ ਸੀ ਵੀਜ਼ਾ?
ਇਹ ਵਿਅਕਤੀ ਲੋਕਾਂ ਨੂੰ ਵੀਜ਼ਾ ਦਵਾਉਣ ਲਈ ਪਹਿਲਾਂ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਵਾਉਂਦਾ ਸੀ। ਇਸ ਲਈ ਉਸ ਨੇ ਕਈ ਪੁਲਿਸ ਅਧਿਕਾਰੀਆਂ ਨਾਲ ਸਾਂਝ ਬਣਾਈ ਹੋਈ ਸੀ। ਮੁਲਜ਼ਮ ਦਾ ਨਾਮ ਓਕਡੇਲ ਨਿਵਾਸੀ ਚੰਦਰਕਾਂਤ ਪਟੇਲ ਹੈ। ਇਸ ਤੋਂ ਇਲਾਵਾ ਚੈਡ ਡਾਇਲ, ਗਲਿਨ ਡਿਕਸਨ, ਟੇਬੋ ਓਨੀਸ਼ੀਆ ਅਤੇ ਸਿਟੀ ਮਾਰਸ਼ਲ ਮਾਈਕਲ ਸਲੇਨੇ ‘ਤੇ ਵੀ ਬੁੱਧਵਾਰ ਨੂੰ ਲਾਫਾਇਟ ਵਿੱਚ ਇਸ ਮਾਮਲੇ ਵਿੱਚ ਦੋਸ਼ ਲਗਾਏ ਗਏ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਇਨ੍ਹਾਂ ‘ਤੇ ਅਮਰੀਕੀ ਸਰਕਾਰ ਦੇ ‘ਯੂ ਵੀਜ਼ਾ’ ਪ੍ਰੋਗਰਾਮ ਅਧੀਨ ਪ੍ਰਵਾਸੀਆਂ ਦੇ ਵੀਜ਼ਾ ਦਾਅਵਿਆਂ ਦੇ ਸਮਰਥਨ ਵਿੱਚ ਝੂਠੀਆਂ ਅਪਰਾਧ ਰਿਪੋਰਟਾਂ ਤਿਆਰ ਕਰਨ ਦਾ ਦੋਸ਼ ਹੈ।
ਕੀ ਹੈ ‘ਯੂ ਵੀਜ਼ਾ’?
ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ (USCIS) ਦੀ ਵੈਬਸਾਈਟ ਅਨੁਸਾਰ, “ਯੂ ਨਾਨਇਮੀਗ੍ਰੈਂਟ ਸਟੇਟਸ (ਯੂ ਵੀਜ਼ਾ) ਉਨ੍ਹਾਂ ਪੀੜਤਾਂ ਨੂੰ ਦਿੱਤਾ ਜਾਂਦਾ ਹੈ ਜੋ ਕੁਝ ਖਾਸ ਅਪਰਾਧਾਂ ਦਾ ਸ਼ਿਕਾਰ ਹੋਏ ਹੋਣ ਅਤੇ ਜਿਨ੍ਹਾਂ ਨੇ ਮਾਨਸਿਕ ਜਾਂ ਸਰੀਰਕ ਤੌਰ ‘ਤੇ ਦੁਰਵਿਵਹਾਰ ਸਹਿਣ ਕੀਤਾ ਹੋਵੇ।” ਅਦਾਲਤੀ ਦਸਤਾਵੇਜ਼ਾਂ ਵਿੱਚ ਦੱਸਿਆ ਗਿਆ ਕਿ ਕਈ ਪ੍ਰਵਾਸੀ ਯੂ ਵੀਜ਼ਾ ਲਈ ਅਰਜ਼ੀ ਦੇਣ ਲਈ ਪੁਲਿਸ ਰਿਪੋਰਟ ਵਿੱਚ ਪੀੜਤ ਵਜੋਂ ਨਾਂ ਦਰਜ ਕਰਵਾਉਣ ਲਈ ਚੰਦਰਕਾਂਤ ਪਟੇਲ ਨਾਲ ਸੰਪਰਕ ਕਰਦੇ ਸਨ। ਇਨ੍ਹਾਂ ਰਿਪੋਰਟਾਂ ਵਿੱਚ ਦਿਖਾਇਆ ਜਾਂਦਾ ਸੀ ਕਿ ਉਨ੍ਹਾਂ ਨਾਲ ਹਥਿਆਰਬੰਦ ਡਕੈਤੀ ਹੋਈ ਸੀ।
ਵੀਜ਼ਾ ਦਵਾਉਣ ਲਈ ਲੈਂਦਾ ਸੀ ਹਜ਼ਾਰਾਂ ਡਾਲਰ
ਪਟੇਲ ਇਨ੍ਹਾਂ ਪ੍ਰਵਾਸੀਆਂ ਤੋਂ ਵੀਜ਼ਾ ਦਵਾਉਣ ਲਈ ਅਪਰਾਧਿਕ ਰਿਪੋਰਟਾਂ ਬਣਵਾਉਣ ਦੇ ਬਦਲੇ ਹਜ਼ਾਰਾਂ ਡਾਲਰ ਵਸੂਲਦਾ ਸੀ। ਇਸ ਤੋਂ ਬਾਅਦ ਉਹ ਆਪਣੇ ਸਹਿਯੋਗੀਆਂ ਨੂੰ ਝੂਠੀਆਂ ਪੁਲਿਸ ਰਿਪੋਰਟਾਂ ਤਿਆਰ ਕਰਨ ਲਈ ਕਹਿੰਦਾ ਸੀ। ਚੰਦਰਕਾਂਤ ਪਟੇਲ ਦੀਆਂ ਲੂਸੀਆਨਾ ਵਿੱਚ ਦੋ ਦੁਕਾਨਾਂ ਹਨ—ਇੱਕ ਗਲੇਨਮੋਰ ਵਿੱਚ ਅਤੇ ਦੂਜੀ ਓਕਡੇਲ ਵਿੱਚ। ਇਸ ਤੋਂ ਇਲਾਵਾ ਉਹ ਓਕਡੇਲ ਵਿੱਚ ਇੱਕ ਫਾਸਟ-ਫੂਡ ਰੈਸਟੋਰੈਂਟ ਵੀ ਚਲਾਉਂਦਾ ਹੈ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਖੁਦ ਪਟੇਲ ਨੂੰ ਵੀ 2023 ਵਿੱਚ ਯੂ ਵੀਜ਼ਾ ਦਿੱਤਾ ਗਿਆ ਸੀ, ਜਿਸ ਦਾ ਆਧਾਰ ਇੱਕ ਕਥਿਤ ਹਥਿਆਰਬੰਦ ਡਕੈਤੀ ਸੀ। ਯੂ.ਐਸ.ਸੀ.ਆਈ.ਐਸ. ਦੀ ਪ੍ਰੈਸ ਰਿਲੀਜ਼ ਅਨੁਸਾਰ, ਇਸ ਮਾਮਲੇ ਦੀ ਜਾਂਚ ਅਤੇ ਮੁਕੱਦਮੇਬਾਜ਼ੀ ਰਾਸ਼ਟਰਪਤੀ ਟਰੰਪ ਦੁਆਰਾ ਸਥਾਪਤ ਹੋਮਲੈਂਡ ਸਕਿਓਰਿਟੀ ਟਾਸਕ ਫੋਰਸ ਦੇ ਅਧੀਨ ਕੀਤੀ ਜਾ ਰਹੀ ਹੈ।