ਜਗਤਾਰ ਸਿੰਘ ਸਿੱਧੂ;
ਮਾਝੇ ਦੀ ਜ਼ਿਮਨੀ ਚੋਣ ਤਰਨਤਾਰਨ ਲਈ ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਨੇ ਤਿਆਰੀ ਖਿੱਚ ਲਈ ਹੈ। ਤਰਨਤਾਰਨ ਦੇ ਤਿੰਨ ਵਾਰ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਨੂੰ ਆਪ ਵਲੋਂ ਮੈਦਾਨ ਵਿੱਚ ਉਤਾਰੇ ਜਾਣ ਦੀ ਪੂਰੀ ਸੰਭਾਵਨਾ ਬਣ ਗਈ ਹੈ। ਸਾਬਕਾ ਵਿਧਾਇਕ ਸੰਧੂ ਇਕ ਦਿਨ ਪਹਿਲਾਂ ਚੰਡੀਗੜ੍ਹ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੀ ਅਗਵਾਈ ਹੇਠ ਆਪ ਵਿੱਚ ਸ਼ਾਮਲ ਹੋ ਗਏ ਹਨ। ਅਕਸਰ ਵਿਰੋਧੀ ਧਿਰਾਂ ਮੁੱਖ ਮੰਤਰੀ ਮਾਨ ਦੀ ਅਗਵਾਈ ਨੂੰ ਲੈ ਕੇ ਕਈ ਤਰ੍ਹਾਂ ਦੀ ਬਿਆਨਬਾਜ਼ੀ ਕਰਦੀਆਂ ਰਹਿੰਦੀਆਂ ਹਨ ਪਰ ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਹੀ ਦਿਨਾਂ ਵਿੱਚ ਮੁੱਖ ਮੰਤਰੀ ਮਾਨ ਨੇ ਲਗਾਤਾਰ ਦੂਜੀ ਵਾਰ ਵਿਰੋਧੀ ਧਿਰ ਨੂੰ ਅਣਕਿਆਸਾ ਤਕੜਾ ਝਟਕਾ ਦਿੱਤਾ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਵੱਡੇ ਕਾਰੋਬਾਰੀ ਸ਼ਹਿਰ ਲੁਧਿਆਣਾ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਤਕੜੇ ਫਰਕ ਨਾਲ ਹਰਾ ਕੇ ਆਪ ਨੇ ਚਿੱਤ ਕੀਤਾ ਅਤੇ ਦੂਜੀਆਂ ਵਿਰੋਧੀ ਧਿਰਾਂ ਦੇ ਭੁਲੇਖੇ ਵੀ ਦੂਰ ਕਰ ਦਿੱਤੇ। ਹੁਣ ਬੇਸ਼ੱਕ ਅਧਿਕਾਰਤ ਤੌਰ ਤੇ ਆਪ ਵਲੋਂ ਤਰਨਤਾਰਨ ਦੀ ਸੀਟ ਲਈ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਸੰਧੂ ਦੀ ਆਪ ਵਿਚ ਸ਼ਮੂਲੀਅਤ ਦੀਵਾਰ ਉੱਤੇ ਲਿਖਿਆ ਪੜਨ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਮਾਨ ਨੇ ਦੋਹਰ ਪਾਉਣ ਲਈ ਲਕੀਰ ਖਿੱਚ ਦਿੱਤੀ ਹੈ।
ਤਰਨਤਾਰਨ ਵਿਧਾਨ ਸਭਾ ਹਲਕਾ ਆਪ ਦੇ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਕਾਰਨ ਖਾਲੀ ਹੋਇਆ ਹੈ । ਕਿਸੇ ਵੇਲੇ ਤਰਨਤਾਰਨ ਟਕਸਾਲੀ ਅਕਾਲੀ ਹਲਕੇ ਵਜੋਂ ਜਾਣਿਆ ਜਾਂਦਾ ਸੀ ।ਸੰਧੂ ਦੇ ਆਪ ਵਿੱਚ ਸ਼ਾਮਲ ਹੋਣ ਨਾਲ ਅਕਾਲੀ ਦਲ ਨੂੰ ਮਾਝੇ ਵਿੱਚ ਤਕੜਾ ਝਟਕਾ ਲੱਗਾ ਹੈ।
ਸਾਬਕਾ ਵਿਧਾਇਕ ਸੰਧੂ ਨੇ 2002 ਵਿਚ ਅਜਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ। ਦੂਜੀ ਵਾਰ ਅਕਾਲੀ ਦਲ ਦੀ ਟਿਕਟ ਉਤੇ 2007 ਵਿੱਚ ਚੋਣ ਲੜੀ ਅਤੇ ਕਾਂਗਰਸ ਨੂੰ ਹਰਾਇਆ। ਤੀਜੀ ਵਾਰ 2012 ਦੀ ਚੋਣ ਵਿੱਚ ਵੀ ਅਕਾਲੀ ਉਮੀਦਵਾਰ ਵਜੋਂ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤੀ ।ਉਸ ਤੋਂ ਬਾਅਦ ਉਹ ਦੋ ਚੋਣਾਂ ਕਾਂਗਰਸ ਅਤੇ ਆਪ ਕੋਲੋਂ ਹਾਰੇ ਪਰ ਦੂਜੇ ਨੰਬਰ ਉੱਤੇ ਰਹੇ। ਹੁਣ ਆਪ ਵਿੱਚ ਸ਼ਾਮਲ ਹੋਣ ਮੌਕੇ ਸੰਧੂ ਨੇ ਕਿਹਾ ਕਿ ਆਪ ਦੀ ਚੰਗੀ ਨੀਤੀ ਕਾਰਨ ਆਪ ਵਿੱਚ ਸ਼ਾਮਲ ਹੋਏ ਹਨ। ਇਸ ਤੋਂ ਪਹਿਲਾਂ ਨਵੰਬਰ 2024 ਵਿੱਚ ਸੰਧੂ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ।ਅਕਾਲੀ ਸਰਕਾਰ ਵੇਲੇ ਸੰਧੂ ਮੁੱਖ ਪਾਰਲੀਮੈਂਟ ਸਕੱਤਰ ਵੀ ਰਹਿ ਚੁੱਕੇ ਹਨ।
ਤਰਨਤਾਰਨ ਜ਼ਿਮਨੀ ਚੋਣ ਦਾ ਐਲਾਨ ਚੋਣ ਕਮਿਸ਼ਨ ਵਲੋਂ ਕੀਤਾ ਜਾਵੇਗਾ ਪਰ ਸਮਝਿਆ ਜਾਂਦਾ ਹੈ ਕਿ ਸਾਬਕਾ ਵਿਧਾਇਕ ਸੰਧੂ ਦੇ ਆਪ ਵਿਚ ਜਾਣ ਨਾਲ ਮਾਝੇ ਵਿੱਚ ਰਾਜਸੀ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। ਆਪ ਰਵਾਇਤੀ ਪਾਰਟੀਆਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੀ ਹੈ ਅਤੇ ਕਿਸੇ ਵੀ ਚੋਣ ਦੀ ਤਿਆਰੀ ਦੂਜਿਆਂ ਨਾਲੋਂ ਪਹਿਲਾਂ ਸ਼ੁਰੂ ਕਰਕੇ ਦੂਜੀਆਂ ਪਾਰਟੀਆਂ ਲਈ ਚੁਣੌਤੀ ਸੁੱਟਦੇ ਹਨ।
ਸੰਪਰਕ 9814002186