ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਕੀਵ ਦੇ ਰੂਸ ਨਾਲ ਟਕਰਾਅ ਦੇ ਵਿਚਕਾਰ ਯੂਕਰੇਨ ਨੂੰ ਪੈਟ੍ਰਿਅਟ ਹਵਾਈ ਰੱਖਿਆ ਮਿਜ਼ਾਈਲਾਂ ਭੇਜੇਗਾ। ਹਾਲਾਂਕਿ ਟਰੰਪ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਯੂਕਰੇਨ ਨੂੰ ਕਿੰਨੀਆਂ ਹਵਾਈ ਰੱਖਿਆ ਮਿਜ਼ਾਈਲਾਂ ਭੇਜਣਗੇ, ਪਰ ਉਨ੍ਹਾਂ ਕਿਹਾ ਕਿ ਉਹ ਕੁਝ ਭੇਜਣਗੇ। ਉਨ੍ਹਾਂ ਇਹ ਵੀ ਕਿਹਾ ਕਿ ਵਾਸ਼ਿੰਗਟਨ ਇਨ੍ਹਾਂ ਹਥਿਆਰਾਂ ਲਈ ਭੁਗਤਾਨ ਨਹੀਂ ਕਰੇਗਾ। ਟਰੰਪ ਨੇ ਮੈਰੀਲੈਂਡ ਦੇ ਜੁਆਇੰਟ ਬੇਸ ਐਂਡਰਿਊਜ਼ ਵਿਖੇ ਵ੍ਹਾਈਟ ਹਾਊਸ ਵਾਪਿਸ ਆਉਂਦੇ ਹੋਏ ਕਿਹਾ ਅਸੀਂ ਉਨ੍ਹਾਂ ਲਈ ਕੁਝ ਵੀ ਭੁਗਤਾਨ ਨਹੀਂ ਕਰ ਰਹੇ ਹਾਂ, ਪਰ ਅਸੀਂ ਉਨ੍ਹਾਂ ਨੂੰ ਪੈਟ੍ਰੀਅਟ ਦੇਵਾਂਗੇ ਜਿਨ੍ਹਾਂ ਦੀ ਉਨ੍ਹਾਂ ਨੂੰ ਸਖ਼ਤ ਲੋੜ ਹੈ ।
ਦੱਸ ਦੇਈਏ ਕਿ ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਹਿਲਾਂ ਉਨ੍ਹਾਂ ਨੇ ਯੂਕਰੇਨ ਨੂੰ ਹਥਿਆਰ ਅਤੇ ਸਹਾਇਤਾ ਨਾ ਭੇਜਣ ਦਾ ਫੈਸਲਾ ਕੀਤਾ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਕੀਵ ਅਤੇ ਮਾਸਕੋ ਵਿਚਕਾਰ ਚਾਰ ਸਾਲ ਤੋਂ ਚੱਲ ਰਹੇ ਯੁੱਧ ਵਿੱਚ ਜੰਗਬੰਦੀ ਦੀ ਵਕਾਲਤ ਕੀਤੀ ਸੀ। ਹਾਲਾਂਕਿ, ਯੂਕਰੇਨ ਨੇ ਕਿਹਾ ਕਿ ਉਸਨੂੰ ਰੂਸੀ ਹਵਾਈ ਹਮਲਿਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਹਵਾਈ ਰੱਖਿਆ ਮਿਜ਼ਾਈਲਾਂ ਦੀ ਜ਼ਰੂਰਤ ਹੈ। ਇਸ ਤੋਂ ਬਾਅਦ, ਟਰੰਪ ਨੇ ਕਿਹਾ ਕਿ ਅਮਰੀਕਾ ਅਤਿ-ਆਧੁਨਿਕ ਹਥਿਆਰ ਪ੍ਰਦਾਨ ਕਰ ਰਿਹਾ ਹੈ ਅਤੇ ਯੂਕਰੇਨ ਸਾਨੂੰ ਇਸਦਾ 100% ਭੁਗਤਾਨ ਕਰੇਗਾ।
ਦਰਅਸਲ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਅਤੇ ਆਪਣੇ ਕਾਰਜਕਾਲ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ, ਡੋਨਾਲਡ ਟਰੰਪ ਨੇ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਸ਼ਾਂਤੀ ਵਿੱਚ ਰੁਕਾਵਟ ਦੱਸਿਆ ਸੀ ਅਤੇ ਆਪਣੇ ਦੇਸ਼ ਨੂੰ ਦਿੱਤੀ ਜਾ ਰਹੀ ਅਮਰੀਕੀ ਫੌਜੀ ਅਤੇ ਵਿੱਤੀ ਸਹਾਇਤਾ ‘ਤੇ ਅਫਸੋਸ ਪ੍ਰਗਟ ਕੀਤਾ ਸੀ। ਫਰਵਰੀ ਵਿੱਚ, ਉਸਨੇ ਜ਼ੇਲੇਨਸਕੀ ਨੂੰ ਇੱਕ “ਔਸਤਨ ਸਫਲ ਕਾਮੇਡੀਅਨ” ਅਤੇ “ਤਾਨਾਸ਼ਾਹ” ਵਜੋਂ ਮਜ਼ਾਕ ਉਡਾਇਆ ਸੀ। ਉਸਨੇ ਵ੍ਹਾਈਟ ਹਾਊਸ ਵਿੱਚ ਯੂਕਰੇਨੀ ਰਾਸ਼ਟਰਪਤੀ ਨਾਲ ਜਨਤਕ ਤੌਰ ‘ਤੇ ਬਹਿਸ ਵੀ ਕੀਤੀ ਸੀ। ਹਾਲ ਹੀ ਵਿੱਚ ਰਿਪਬਲਿਕਨ ਨੇਤਾ ਨੇ ਆਪਣੇ ਰੂਸੀ ਹਮਰੁਤਬਾ ਨਾਲ ਵੱਧਦੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਕਿਉਂਕਿ ਵਲਾਦੀਮੀਰ ਪੁਤਿਨ ਨੇ ਯੂਕਰੇਨੀ ਸ਼ਹਿਰਾਂ ‘ਤੇ ਭਾਰੀ ਹਵਾਈ ਬੰਬਾਰੀ ਕੀਤੀ ਅਤੇ ਜੰਗਬੰਦੀ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਹੈ।