ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਤਿਰੂਵਨੰਤਪੁਰਮ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਕਮੇਟੀ ਦੇ ਨਵੇਂ ਦਫਤਰ, ਮਰਾਜੀ ਭਵਨ, ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪਾਰਟੀ ਦਾ ਝੰਡਾ ਲਹਿਰਾਉਣ ਤੋਂ ਬਾਅਦ ਇੱਕ ਪੌਦਾ ਵੀ ਲਗਾਇਆ। ਜਨਤਾ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਕੇਰਲ ਦਾ ਵਿਕਾਸ ਚਾਹੁੰਦੇ ਹੋ, ਤਾਂ ਭਾਜਪਾ ਦਾ ਸਰਕਾਰ ਵਿੱਚ ਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਕਸਤ ਭਾਰਤ ਦਾ ਸੁਪਨਾ ਹੈ। ਉਨ੍ਹਾਂ ਨੇ ਅੱਤਵਾਦ ਅਤੇ ਪਾਕਿਸਤਾਨ ਦਾ ਵੀ ਜ਼ਿਕਰ ਕੀਤਾ।
ਅਮਿਤ ਸ਼ਾਹ ਨੇ ਦੋਸ਼ ਲਗਾਇਆ ਕਿ ਐਲਡੀਐਫ (ਲੈਫਟ ਡੈਮੋਕਰੈਟਿਕ ਫਰੰਟ) ਅਤੇ ਯੂਡੀਐਫ (ਯੂਨਾਈਟਿਡ ਡੈਮੋਕਰੈਟਿਕ ਫਰੰਟ) ਸਰਕਾਰਾਂ ਨੇ ਕੇਰਲ ਨੂੰ ਰਾਸ਼ਟਰ ਵਿਰੋਧੀ ਤਾਕਤਾਂ ਲਈ ਪਨਾਹਗਾਹ ਬਣਾ ਦਿੱਤਾ ਹੈ। ਉਨ੍ਹਾਂ ਕਿਹਾ, “ਜੇਕਰ ਜਨਤਾ ਕੇਰਲ ਵਿੱਚ ਬਦਲਾਅ ਚਾਹੁੰਦੀ ਹੈ, ਤਾਂ ਐਲਡੀਐਫ ਜਾਂ ਯੂਡੀਐਫ ਇਸ ਨੂੰ ਨਹੀਂ ਲਿਆ ਸਕਦੇ। ਬਦਲਾਅ ਲਈ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਅਤੇ ਭਾਜਪਾ ਨੂੰ ਵੋਟ ਦੇਣਾ ਹੋਵੇਗਾ।” ਉਨ੍ਹਾਂ ਕਿਹਾ ਕਿ ਕੇਰਲ ਦੀ ਸਿਆਸੀ ਸਰਗਰਮੀ ਤੋਂ ਅਸੀਂ ਵਾਕਿਫ ਹਾਂ, ਅਤੇ ਕੇਰਲ ਵਿੱਚ ਐਨਡੀਏ ਦੀ ਸਰਕਾਰ ਬਣਾਉਣੀ ਹੈ। ਸਾਡੇ ਪ੍ਰਧਾਨ ਮੰਤਰੀ ਵਿਕਸਤ ਭਾਰਤ ਬਣਾ ਰਹੇ ਹਨ।
ਅੱਤਵਾਦ ਅਤੇ ਪਾਕਿਸਤਾਨ ‘ਤੇ ਅਮਿਤ ਸ਼ਾਹ ਦਾ ਬਿਆਨ
ਕੇਂਦਰੀ ਗ੍ਰਹਿ ਮੰਤਰੀ ਨੇ ਅੱਤਵਾਦ ਅਤੇ ਪਾਕਿਸਤਾਨ ਦਾ ਜ਼ਿਕਰ ਕਰਦਿਆਂ ਕਿਹਾ, “ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਤੋਂ ਇਲਾਵਾ ਕੋਈ ਵੀ ਅੱਤਵਾਦ ਨੂੰ ਜਵਾਬ ਨਹੀਂ ਦੇ ਸਕਦਾ। ਸਾਡੀ ਸਰਕਾਰ ਨੇ ਪਹਿਲਗਾਮ ਹਮਲੇ ਤੋਂ ਬਾਅਦ ਆਪਰੇਸ਼ਨ ਸਿੰਦੂਰ ਦੇ ਜ਼ਰੀਏ ਅੱਤਵਾਦੀਆਂ ਨੂੰ ਅੰ ਵੜ ਕੇ ਮਾਰਿਆ।”
ਭਾਜਪਾ ਅਤੇ ਕਮਿਊਨਿਸਟ ਪਾਰਟੀ ਵਿੱਚ ਅੰਤਰ
ਅਮਿਤ ਸ਼ਾਹ ਨੇ ਕਿਹਾ, “ਭਾਜਪਾ ਨੇ ਵਰਕਰ ਸੰਮੇਲਨ ਨੂੰ ਦੂਜੀਆਂ ਸਿਆਸੀ ਪਾਰਟੀਆਂ ਦੇ ਜਨਤਕ ਸੰਮੇਲਨਾਂ ਜਿੰਨਾ ਵੱਡਾ ਬਣਾ ਦਿੱਤਾ ਹੈ, ਅਤੇ ਇਹ ਕੇਰਲ ਵਿੱਚ ਭਾਜਪਾ ਦੇ ਭਵਿੱਖ ਦਾ ਪ੍ਰਤੀਕ ਹੈ। ਹੁਣ ਅਸੀਂ ਵਿਕਸਤ ਕੇਰਲ ਦੀ ਕਲਪਨਾ ਕਰ ਰਹੇ ਹਾਂ। ਕਮਿਊਨਿਸਟ ਪਾਰਟੀ ਅਤੇ ਭਾਜਪਾ ਦੋਵੇਂ ਕੈਡਰ ਅਧਾਰਿਤ ਪਾਰਟੀਆਂ ਹਨ, ਪਰ ਅੰਤਰ ਇਹ ਹੈ ਕਿ ਕਮਿਊਨਿਸਟ ਪਾਰਟੀ ਸਿਰਫ਼ ਕੈਡਰ ਦਾ ਵਿਕਾਸ ਕਰਦੀ ਹੈ, ਜਦਕਿ ਭਾਜਪਾ ਸਮੁੱਚੇ ਵਿਕਾਸ ਲਈ ਕੰਮ ਕਰਦੀ ਹੈ।”